ਗਉੜੀ ॥
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
ਨਿੰਦਾ ਜਨ ਕਉ ਖਰੀ ਪਿਆਰੀ ॥
ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥

ਨਿੰਦਾ ਹੋਇ ਤ ਬੈਕੁੰਠਿ ਜਾਈਐ ॥
ਨਾਮੁ ਪਦਾਰਥੁ ਮਨਹਿ ਬਸਾਈਐ ॥
ਰਿਦੈ ਸੁਧ ਜਉ ਨਿੰਦਾ ਹੋਇ ॥
ਹਮਰੇ ਕਪਰੇ ਨਿੰਦਕੁ ਧੋਇ ॥੧॥

ਨਿੰਦਾ ਕਰੈ ਸੁ ਹਮਰਾ ਮੀਤੁ ॥
ਨਿੰਦਕ ਮਾਹਿ ਹਮਾਰਾ ਚੀਤੁ ॥
ਨਿੰਦਕੁ ਸੋ ਜੋ ਨਿੰਦਾ ਹੋਰੈ ॥
ਹਮਰਾ ਜੀਵਨੁ ਨਿੰਦਕੁ ਲੋਰੈ ॥੨॥

ਨਿੰਦਾ ਹਮਰੀ ਪ੍ਰੇਮ ਪਿਆਰੁ ॥
ਨਿੰਦਾ ਹਮਰਾ ਕਰੈ ਉਧਾਰੁ ॥
ਜਨ ਕਬੀਰ ਕਉ ਨਿੰਦਾ ਸਾਰੁ ॥
ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥

ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥
ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥

ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥

Sahib Singh
ਨਿੰਦਉ = {ਹੁਕਮੀ ਭਵਿੱਖਤ, ੀਮਪੲਰੳਟਵਿੲ ਮੋੋਦ, ਅੱਨ ਪੁਰਖ, ਇਕ-ਵਚਨ} ।
ਲੋਗੁ ਨਿੰਦਉ = ਬੇਸ਼ੱਕ ਜਗਤ ਨਿੰਦਿਆ ਕਰੇ ।
ਮੋ ਕਉ = ਮੈਨੂੰ ।
ਜਨ ਕਉ = ਪ੍ਰਭੂ ਦੇ ਸੇਵਕ ਨੂੰ ।
ਖਰੀ = ਬਹੁਤ ।
ਮਹਤਾਰੀ = ਮਾਂ ।੧।ਰਹਾਉ ।
ਬੈਕੁੰਠਿ = ਬੈਕੁੰਠ ਵਿਚ ।
ਮਨਹਿ = ਮਨ ਵਿਚ ।
ਬਸਾਈਐ = ਵਸਾਇਆ ਜਾ ਸਕਦਾ ਹੈ ।
ਰਿਦੈ ਸੁਧ = ਪਵਿੱਤਰ ਹਿਰਦਾ ਹੁੰਦਿਆਂ ।
ਜਉ = ਜੇ ।
ਕਪਰੇ ਧੋਇ = ਕੱਪੜੇ ਧੋਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ ।੧ ।
ਮਾਹਿ = ਵਿਚ ।
ਹੋਰੈ = ਰੋਕਦਾ ਹੈ ।
ਲੋਰੈ = ਚਾਹੁੰਦਾ ਹੈ ।
ਨਿੰਦਕੁ = ਮੰਦਾ ਚਿਤਵਣ ਵਾਲਾ ।੨ ।
ਉਧਾਰੁ = ਬਚਾਅ ।
ਸਾਰੁ = ਸ੍ਰੇਸ਼ਟ ਧਨ ।੩ ।
ਰਾਜਾ ਰਾਮ = ਹੇ ਸਭ ਦੇ ਮਾਲਕ ਪ੍ਰਭੂ !
ਐਸਾ = ਇਹੋ ਜਿਹੇ ਸੁਭਾਵ ਵਾਲਾ, ਅਨੋਖਾ ਜਿਹਾ ।
ਤਰਨ = ਬੇੜੀ, ਜਹਾਜ਼ ।
ਤਰਨ ਤਾਰਨ = ਸਭ ਜੀਵਾਂ ਨੂੰ ਤਾਰਨ ਲਈ ਜਹਾਜ਼ ।੧।ਰਹਾਉ ।
ਪਤੀਆਹੀ = ਪਤੀਜ ਗਿਆ ਹੈ, ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈਂ ਅਸੀ ਤੈਥੋਂ ਵੱਖਰੇ ਕੁਝ ਭੀ ਨਹੀਂ ਹਾਂ ।੧ ।
ਬਲੁ ਕੈਸਾ = ਕੇਹਾ ਬਲ ਹੋ ਸਕਦਾ ਸੀ ?
    (ਭਾਵ, ਸਾਡੇ ਅੰਦਰ ਆਤਮਕ ਬਲ ਨਹੀਂ ਸੀ) ।
ਨ ਖਟਾਈ = ਸਮਾਈ ਨਹੀਂ ਹੈ ।
ਹਰਿ ਲਈ = ਖੋਹ ਲਈ ਹੈ ।੨ ।
    
Sahib Singh
ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਅੌਗੁਣ ਭੰਡੇ; ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ, ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਅੌਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ।੧।ਰਹਾਉ ।
ਜੇ ਲੋਕ ਅੌਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ (ਕਿਉਂਕਿ ਇਸ ਤ੍ਰਹਾਂ ਆਪਣੇ ਅੌਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ ।
ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀ ਆਪਣੇ ਅੌਗੁਣ ਨਸ਼ਰ ਹੁੰਦੇ ਸੁਣੀਏ) ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ।੧ ।
(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ) ।
(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ ।
ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ।੨ ।
ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ, ਕਿਉਂਕਿ ਸਾਡੀ ਨਿੰਦਿਆ ਸਾਨੂੰ ਅੌਗੁਣਾਂ ਵਲੋਂ ਬਚਾਉਂਦੀ ਹੈ ।
ਸੋ, ਦਾਸ ਕਬੀਰ ਲਈ ਤਾਂ ਉਸ ਦੇ ਅੌਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ ।
ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਅੌਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਅੌਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀ (ਆਪਣੇ ਅੌਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ।੩।੨੦।੭੧ ।
ਸ਼ਬਦ ਦਾ
ਭਾਵ:- ਜੇ ਕੋਈ ਮਨੁੱਖ ਠੰਢੇ ਜਿਗਰੇ ਆਪਣੇ ਐਬ ਨਸ਼ਰ ਹੁੰਦੇ ਸੁਣੇ, ਤਾਂ ਉਹ ਸਗੋਂ ਇਸ ਤ੍ਰਹਾਂ ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ, ਤੇ ਆਪਣਾ ਜੀਵਨ ਪਵਿੱਤਰ ਬਣਾ ਸਕਦਾ ਹੈ ।
ਪਰ, ਦੂਜਿਆਂ ਦੇ ਐਬ ਫਰੋਲਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਾਹ ਮਾਰਨ ਕਰਕੇ ਆਪ ਹੀ ਉਹਨਾਂ ਐਬਾਂ ਵਿਚ ਡੁੱਬ ਜਾਂਦਾ ਹੈ ।
ਸੋ, ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਾਬਰਦੇ ਨਹੀਂ ਹਨ ।੭੧ ।
ਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ ।੧।ਰਹਾਉ ।
ਜਿਤਨਾ ਚਿਰ ਅਸੀ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ ।
ਹੁਣ (ਹੇ ਪ੍ਰਭੂ!) ਤੂੰ ਤੇ ਅਸੀ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀ ਕੁਝ ਭੀ ਨਹੀਂ ਹਾਂ) ।੧ ।
(ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ ।
ਕਬੀਰ ਆਖਦਾ ਹੈ—(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, ‘ਮੈਂ ਮੈਂ’ ਛੱਡ ਕੇ ‘ਤੂੰ ਹੀ ਤੂੰ’ ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ।੨।੨੧।੭੨ ।
ਸ਼ਬਦ ਦਾ
ਭਾਵ:- ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਪ੍ਰਭੂ ਦਾ ਪ੍ਰਕਾਸ਼ ਨਹੀਂ ਹੋ ਸਕਦਾ ।
ਜਦੋਂ ਉਹ ਆਪ ਅੰਦਰ ਆ ਵੱਸਦਾ ਹੈ ਤਾਂ ਹਉਮੈ ਨਾਸ ਹੋ ਜਾਂਦੀ ਹੈ ਤੇ ਹਉਮੈ ਨੂੰ ਦੂਰ ਕਰਨਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ ।੭੨ ।

ਨੋਟ: ਰਵਿਦਾਸ ਜੀ ਸੋਰਠ ਵਿਚ ਲਿਖਦੇ ਹਨ: ‘ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ ।’ ਇਸ ਤੁਕ ਨੂੰ ਕਬੀਰ ਜੀ ਦੇ ਇਸ ਸ਼ਬਦ ਦੇ ਅੰਕ ਨੰ: ੧ ਦੀ ਪਹਿਲੀ ਤੁਕ ਨਾਲ ਮੇਲੋ ।
ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ ।
ਕਬੀਰ ਤੇ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਸਮਕਾਲੀ ਭੀ ਸਨ ।
ਹਮ-ਖਿ਼ਆਲ ਹੋਣ ਕਰਕੇ ਦੋਵੇਂ ਆਪੋ ਵਿਚ ਮੇਲਜੋਲ ਭੀ ਜ਼ਰੂਰ ਰੱਖਦੇ ਹੋਣਗੇ ।
Follow us on Twitter Facebook Tumblr Reddit Instagram Youtube