ਗਉੜੀ ੧੩ ॥
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥

ਬੰਦੇ ਬੰਦਗੀ ਇਕਤੀਆਰ ॥
ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥

Sahib Singh
੧੩ = ‘ਘਰ’ ਤੇਰ੍ਹਵਾਂ ।
ਫੁਰਮਾਨੁ = ਹੁਕਮ ।
ਸਿਰੈ ਊਪਰਿ = ਸਿਰ ਉੱਤੇ ਹੀ, ਸਦਾ ਸਿਰ-ਮੱਥੇ ਤੇ ।
ਫਿਰਿ = ਫਿਰ ਕੇ, ਉਲਟ ਕੇ, ਉਸ ਦੇ ਉਲਟ ।
ਦਰੀਆ = (ਭਾਵ,) ਸੰਸਾਰ = ਸਮੁੰਦਰ ।
ਕਰੀਆ = ਮਲਾਹ ।
ਤੁਝੈ ਤੇ = ਤੈਥੋਂ ਹੀ ।
ਨਿਸਤਾਰ = ਪਾਰ = ਉਤਾਰਾ, ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਅ ।੧ ।
ਬੰਦੇ = ਹੇ ਬੰਦੇ !
ਇਕਤੀਆਰ = ਇਖ਼ਤਿਆਰ ਕਰ, ਕਬੂਲ ਕਰ ।
ਧਰਉ = {ਵਿਆਕਰਣ ਅਨੁਸਾਰ ਇਹ ਲਫ਼ਜ਼ “ਹੁਕਮੀ ਭਵਿਖਤ” ੀਮਪੲਰੳਟਵਿੲ ਮੋੋਦ, ਅੰਨ ਪੁਰਖ, ਇਕ-ਵਚਨ ਹੈ; ਵੇਖੋ ‘ਗੁਰਬਾਣੀ ਵਿਆਕਰਣ’ ਦਾ ਅੰਕ “ਹੁਕਮੀ ਭਵਿਖਤ”} ਭਾਵੇਂ ਧਰੇ, ਬੇਸ਼ੱਕ ਧਰੇ ।
ਕਿ = ਜਾਂ ।
ਰੋਸੁ = ਗੁੱਸਾ ।੧।ਰਹਾਉ ।
ਆਧਾਰੁ = ਆਸਰਾ ।
ਜਈ ਹੈ = ਜੀਊ ਪੈਂਦਾ ਹੈ, ਖਿੜ ਪੈਂਦਾ ਹੈ ।
ਨਾਰਿ = ਨਾਰ ਵਿਚ, ਪਾਣੀ ਵਿਚ {ਸੰ: ਆਪੋ ਨਾਰਾ ਹਤਿ ਪ੍ਰੋ#ਤਾ ।
    ਲਫ਼ਜ਼ “ਨਰਾਇਣ” ਸੰ: ਨਾਰਾਯਨ ਭੀ ਲਫ਼ਜ਼ ‘ਨਾਰ’ ਅਤੇ ‘ਅਯਨ’ ਤੋਂ ਬਣਿਆ ਹੈ; ਨਾਰ—ਜਲ; ਅਯਨ—ਘਰ; ਜਿਸ ਦਾ ਘਰ ਜਲ ਵਿਚ ਹੈ} ।
ਜੀਆਇ = ਜਿਵਾਲ, ਜ਼ਿੰਦਾ ਰੱਖ ।
ਭਾਵੈ = ਭਾਵੇਂ, ਚਾਹੇ ।ਨੋਟ:- “ਫੂਲੁ ਜਈ ਹੈ” ਦਾ ਇਕੱਠਾ ਅਰਥ “ਫੁੱਲ ਜਾਂਦੀ ਹੈ” ਗ਼ਲਤ ਹੈ, ਕਿਉਂਕਿ ਲਫ਼ਜ਼ “ਫੂਲੁ” ਵਿਆਕਰਣ ਅਨੁਸਾਰ ‘ਨਾਂਵ’ (ਂੋੁਨ) ਹੈ, ਕਿ੍ਰਆ (ੜੲਰਬ) ਨਹੀਂ ।੨ ।
    
Sahib Singh
(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ ।
ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ ।
ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ।੧ ।
ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ, (ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ।੧।ਰਹਾਉ ।
(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤ੍ਰਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ) ।
ਕਬੀਰ ਆਖਦਾ ਹੈ—(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ।੨।੧੮।੬੯ ।
ਸ਼ਬਦ ਦਾ
ਭਾਵ:- ਅਸਲ ਸੇਵਕ ਆਪਣੇ ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿੰਦਾ ਹੈ ।
ਜਿਵੇਂ ਪਾਣੀ ਫੁੱਲ ਦੀ ਜ਼ਿੰਦਗੀ ਦਾ ਆਸਰਾ ਹੈ, ਤਿਵੇਂ ਪ੍ਰਭੂ ਦਾ ਨਾਮ ਸੇਵਕ ਦੇ ਜੀਵਨ ਦਾ ਆਧਾਰ ਹੈ ।
ਦੁੱਖ ਅਤੇ ਸੁਖ ਦੋਵੇਂ ਹੀ ਉਸ ਨੂੰ ਪ੍ਰਭੂ ਦੀ ਮਿਹਰ ਹੀ ਦਿੱਸਦੇ ਹਨ “ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ” ।੬੯ ।
Follow us on Twitter Facebook Tumblr Reddit Instagram Youtube