ਗਉੜੀ ਪੂਰਬੀ ੧੨ ॥
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥

ਜੀਅਰੇ ਜਾਹਿਗਾ ਮੈ ਜਾਨਾਂ ॥
ਅਬਿਗਤ ਸਮਝੁ ਇਆਨਾ ॥
ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥

Sahib Singh
੧੨ = ‘ਘਰ’ ਬਾਰ੍ਹਵਾਂ ।ਬਿਪਲ—{ਸੰ: ਵਿਪੁਲ—ਲੰਮੇ ਖੁਲ੍ਹੇ} ਲੰਮੇ ਚੌੜੇ, ਖੁਲ੍ਹੇ ।
ਕੇਤੇ = ਕਈ ।
ਪਹਿਰੇ = ਪਹਿਨ ਲਏ ।
ਕਿਆ = ਕੀ ਲਾਭ ਹੋਇਆ ?
ਮਧੇ = ਵਿਚ ।
ਨਰ = ਹੇ ਨਰ ।
    ਹੇ ਭਾਈ !
ਧੋਖੇ = {ਸੰ: ਧੁ˜ ਧੁਖ—ਧੁਖਾਉਣਾ} ਧੂਪ ਧੁਖਾਇਆ, ਪੂਜਾ ਕੀਤੀ ।
ਦੇਵਾ = ਦੇਵਤੇ ।
ਜਲਿ = ਪਾਣੀ ਵਿਚ ।
ਬੋਰਿਓ = ਡੋਬਿਆ ।
ਗਿਆਤਾ = ਜਾਣ ਬੁਝ ਕੇ ।੧ ।
ਜੀਅ ਰੇ = ਹੇ ਜਿੰਦੇ !
    ਹੇ ਜੀਵ !
    ਮੈਂ ਸਮਝਦਾ ਹਾਂ ।
ਜਾਹਿਗਾ = ਤੂੰ ਭੀ ਜਨਮ ਅਜਾਈਂ ਗੰਵਾ ਲਏਂਗਾ ।
ਅਬਿਗਤੁ = {ਸੰ: ਅÒਯ#ਤ ਅਵÎਕਤ—ਅਦਿ੍ਰਸ਼ਟ ਪ੍ਰਭੂ} ਪਰਮਾਤਮਾ ।
ਇਆਨਾ = ਹੇ ਅੰਞਾਣ !
ਜਤ ਜਤ = ਜਿੱਧਰ ਜਿੱਧਰ, ਹਰ ਪਾਸੇ ।
ਬਹੁਰਿ = ਮੁੜ (ਉਸੇ ਰੰਗ ਵਿਚ) ।
ਨ ਪੇਖਉ = ਮੈਂ ਨਹੀਂ ਵੇਖਦਾ ।
ਸੰਗਿ = ਸੰਗ ਵਿਚ ।੧।ਰਹਾਉ ।
ਗਿਆਨੀ = ਗਿਆਨ = ਚਰਚਾ ਕਰਨ ਵਾਲੇ ।
ਧਿਆਨੀ = ਸਮਾਧੀਆਂ ਲਾਣ ਵਾਲੇ ।
ਬਹੁ ਉਪਦੇਸੀ = ਹੋਰਨਾਂ ਨੂੰ ਬੜੀ ਸਿੱਖਿਆ ਦੇਣ ਵਾਲੇ ।
ਧੰਧਾ = ਜੰਜਾਲ ।੨ ।
    
Sahib Singh
ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ ?
ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ ?
ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ ?
।੧ ।
ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ।
ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ ।
ਨਹੀਂ ਤਾਂ ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ ।੧।ਰਹਾਉ ।
ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ) ।
ਕਬੀਰ ਆਖਦਾ ਹੈ—ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ।੨।੧।੧੬।੬੭ ।
ਸ਼ਬਦਾ ਦਾ
ਭਾਵ:- ਲੰਮੇ ਲੰਮੇ ਚੋਲੇ ਪਾਈ ਫਿਰਨਾ, ਜੰਗਲਾਂ ਵਿਚ ਜਾ ਡੇਰੇ ਲਾਣੇ, ਦੇਵਤਿਆਂ ਦੀ ਪੂਜਾ, ਤੀਰਥਾਂ ਤੇ ਸਰੀਰ ਤਿਆਗਣਾ, ਗਿਆਨ-ਚਰਚਾ ਕਰਨੀ, ਸਮਾਧੀਆਂ ਲਾਣੀਆਂ, ਲੋਕਾਂ ਨੂੰ ਧਰਮ-ਉਪਦੇਸ਼ ਕਰਨੇ—ਇਹ ਸਭ ਮਾਇਆ ਦੇ ਹੀ ਅਡੰਬਰ ਹਨ ।
ਜੀਵਨ ਦਾ ਸਹੀ ਰਸਤਾ ਇਕੋ ਹੀ ਹੈ; ਉਹ ਹੈ ਪਰਮਾਤਮਾ ਦਾ ਸਿਮਰਨ ।੬੭ ।
Follow us on Twitter Facebook Tumblr Reddit Instagram Youtube