ਗਉੜੀ ॥
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥

ਰਾਮ ਰਸੁ ਪੀਆ ਰੇ ॥
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥

ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

Sahib Singh
ਜਿਨਿ = ਮਤਾਂ ।
ਖਿੰਚਿ = ਖਿੱਚ ਕੇ ।
ਪੰਖਿ = ਪੰਛੀ ।੧ ।
ਰੇ = ਹੇ ਭਾਈ !
ਪੀਆ = ਪੀਤਾ ਹੈ ।
ਜਿਹ ਰਸ = ਜਿਸ (ਰਾਮ = ) ਰਸ ਦੀ ਬਰਕਤਿ ਨਾਲ ।
ਅਉਰ ਰਸ = ਹੋਰ ਹੋਰ ਰਸ ।੧।ਰਹਾਉ ।
ਕਿਆ ਰੋਈਐ = ਰੋਣ ਦਾ ਕੀਹ ਲਾਭ ?
ਜਉ = ਜਦੋਂ ।
ਥਿਰੁ = ਸਦਾ ਟਿਕੇ ਰਹਿਣ ਵਾਲਾ ।
ਨ ਰਹਾਇ = ਨਹੀਂ ਰਹਿੰਦਾ ।
ਬਿਨਸਿ ਹੈ = ਨਾਸ ਹੋ ਜਾਇਗਾ ।
ਦੁਖ ਕਰਿ = ਦੁਖੀ ਹੋ ਹੋ ਕੇ ।
ਰੋਵੈ ਬਲਾਇ = ਮੇਰੀ ਬਲਾ ਰੋਵੇ, ਮੈਂ ਕਿਉਂ ਰੋਵਾਂ ?
    ।੨ ।
ਜਹ ਕੀ ਉਪਜੀ = ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ ।
ਤਹ ਰਚੀ = ਉਸੇ ਵਿਚ ਲੀਨ ਹੋ ਗਈ ।
ਪੀਵਤ = (ਨਾਮ = ਰਸ) ਪੀਂਦਿਆਂ ।
ਮਰਦਨ ਲਾਗ = ਮਰਦਾਂ ਦੀ ਲਾਗ ਨਾਲ, ਗੁਰਮੁਖਾਂ ਦੀ ਸੰਗਤ ਨਾਲ ।
ਚਿਤਿ = ਚਿਤ ਵਿਚ ।
ਸਿਮਰਿ = ਸਿਮਰ ਕੇ ।
ਬੈਰਾਗ = ਨਿਰਮੋਹਤਾ ।੩ ।
    
Sahib Singh
ਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ) ।
ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤ੍ਰਹਾਂ ਇਹ ਜਗਤ (ਦਾ ਵਾਸਾ) ਹੈ ।੧ ।
ਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ ਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ ।੧।ਰਹਾਉ ।
ਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ ?
(ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ ।੨ ।
ਕਬੀਰ ਆਖਦਾ ਹੈ—ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ; ਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ ।੩।੨।੧੩।੬੪ ।
ਸ਼ਬਦ ਦਾ
ਭਾਵ:- ਸਤਸੰਗ ਵਿਚ ਰਹਿ ਕੇ ਨਾਮ-ਰਸ ਦੀ ਬਰਕਤ ਨਾਲ ਮਨੁੱਖ ਦਾ ਮਨ ਜਗਤ ਦੇ ਮੋਹ ਵਿਚ ਨਹੀਂ ਫਸਦਾ, ਕਿਉਂਕਿ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਪੰਛੀਆਂ ਵਾਂਗ ਰੈਣ-ਬਸੇਰਾ ਹੀ ਹੈ, ਜੋ ਆਇਆ ਹੈ ਉਸ ਨੇ ਜ਼ਰੂਰ ਚਲੇ ਜਾਣਾ ਹੈ ।੬੪ ।
Follow us on Twitter Facebook Tumblr Reddit Instagram Youtube