ਗਉੜੀ ਪੂਰਬੀ ॥
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥

ਰਮਈਆ ਗੁਨ ਗਾਈਐ ॥
ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥

ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥
ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥

Sahib Singh
ਸੁਰਗ ਬਾਸੁ = ਸੁਰਗ ਦਾ ਵਾਸਾ ।
ਬਾਛੀਐ = ਖ਼ਾਹਸ਼ ਕਰੀਏ, ਤਾਂਘ ਰੱਖੀਏ ।
ਨਰਕਿ = ਨਰਕ ਵਿਚ ।
ਸੋ ਹੋਈ ਹੈ = ਉਹੀ ਹੋਵੇਗਾ ।
ਮਨਹਿ = ਮਨ ਵਿਚ ।
ਨ ਕੀਜੈ = ਨਾਹ ਕਰੀਏ ।੧ ।
ਰਮਈਆ = ਸੋਹਣਾ ਰਾਮ ।
ਜਾ ਤੇ = ਜਿਸ ਤੋਂ ।
ਪਰਮ = ਸਭ ਤੋਂ ਉੱਚਾ ।
ਨਿਧਾਨੁ = ਖ਼ਜ਼ਾਨਾ ।੧।ਰਹਾਉ ।
ਕਿਆ = ਕਿਸ ਅਰਥ ?
    ਕੀਹ ਲਾਭ ?
ਸੰਜਮੋ = ਮਨ ਅਤੇ ਇੰਦਿ੍ਰਆਂ ਨੂੰ ਰੋਕਣ ਦਾ ਜਤਨ ।
ਬਰਤੁ = ਵਰਤ, ਪ੍ਰਣ, ਇਕਰਾਰ (ਆਮ ਤੌਰ ਤੇ ਰੋਟੀ ਨਾਹ ਖਾਣ ਵਾਸਤੇ ਵਰਤੀਦਾ ਹੈ, ਇਹ ਪ੍ਰਣ ਕਿ ਅੱਜ ਕੁਝ ਨਹੀਂ ਖਾਣਾ) ।
ਜੁਗਤਿ = ਜਾਚ, ਤਰੀਕਾ ।
ਭਾਉ = ਪ੍ਰੇਮ ।੨ ।
ਸੰਪੈ = ਸੰਪਤ, ਐਸ਼੍ਵਰਜ, ਰਾਜ-ਭਾਗ ।
ਦੇਖਿ = ਵੇਖ ਕੇ ।
ਨ ਹਰਖੀਐ = ਖ਼ੁਸ਼ ਨਾਹ ਹੋਈਏ, ਫੁੱਲੇ ਨਾਹ ਫਿਰੀਏ ।
ਬਿਪਤਿ = ਬਿਪਤਾ, ਮੁਸੀਬਤ ।
ਬਿਧਿ ਨੇ = ਪਰਮਾਤਮਾ ਨੇ ।੩ ।
ਮਝਾਰਿ = ਵਿਚ ।
ਭਲੇ = ਚੰਗੇ ।
ਜਿਹ ਘਟ = ਜਿਨ੍ਹਾਂ ਦੇ ਹਿਰਦੇ ਵਿਚ ।੪ ।
    
Sahib Singh
ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ ।
ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ ।
ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ।੧ ।
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ।੧।ਰਹਾਉ ।
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ), ਜਪ ਤਪ, ਸੰਜਮ, ਵਰਤ, ਇਸ਼ਨਾਨ—ਇਹ ਸਭ ਕਿਸੇ ਕੰਮ ਨਹੀਂ ।੨ ।
ਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ।
ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ।੩ ।
ਕਬੀਰ ਆਖਦਾ ਹੈ—ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ, ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ।੪।੧।੧੨।੬੩ ।
ਸ਼ਬਦ ਦਾ
ਭਾਵ:- ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਆਸਰੇ ਛੱਡ ਕੇ ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਵਿਚ ਹੀ ਆਉਂਦੇ ਦਿੱਸਦੇ ਹਨ, ਇਸ ਵਾਸਤੇ ਉਹ ਮਨੁੱਖ ਨਾਹ ਕਿਸੇ ਸੁਰਗ ਲਈ ਤਾਂਘਦਾ ਹੈ ਨਾਹਕਿਸੇ ਨਰਕ ਤੋਂ ਡਰਦਾ ਹੈ ।੬੩ ।
Follow us on Twitter Facebook Tumblr Reddit Instagram Youtube