ਗਉੜੀ ॥
ਪਾਨੀ ਮੈਲਾ ਮਾਟੀ ਗੋਰੀ ॥
ਇਸ ਮਾਟੀ ਕੀ ਪੁਤਰੀ ਜੋਰੀ ॥੧॥

ਮੈ ਨਾਹੀ ਕਛੁ ਆਹਿ ਨ ਮੋਰਾ ॥
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥

ਇਸ ਮਾਟੀ ਮਹਿ ਪਵਨੁ ਸਮਾਇਆ ॥
ਝੂਠਾ ਪਰਪੰਚੁ ਜੋਰਿ ਚਲਾਇਆ ॥੨॥

ਕਿਨਹੂ ਲਾਖ ਪਾਂਚ ਕੀ ਜੋਰੀ ॥
ਅੰਤ ਕੀ ਬਾਰ ਗਗਰੀਆ ਫੋਰੀ ॥੩॥

ਕਹਿ ਕਬੀਰ ਇਕ ਨੀਵ ਉਸਾਰੀ ॥
ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥

Sahib Singh
ਪਾਨੀ = ਪਿਤਾ ਦਾ ਬੀਰਜ ।
ਮੈਲਾ = ਗੰਦਾ ।
ਮਾਟੀ ਗੋਰੀ = ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦੀ ਬੂੰਦ-ਰੂਪ ਬੀਜ ਉੱਗਦਾ ਹੈ ।
ਪੁਤਰੀ = ਪੁਤਲੀ ।
ਜੋਰੀ = ਜੋੜ ਦਿੱਤੀ, ਬਣਾ ਦਿੱਤੀ ।੧ ।
ਮੈ ਨਾਹੀ = ਮੇਰੀ ਕੋਈ ਹਸਤੀ ਨਹੀਂ ।
ਕਛੁ = ਕੋਈ ਚੀਜ਼ ।
ਨ ਆਹਿ = ਨਹੀਂ ਹੈ ।
ਸਭੁ ਰਸੁ = ਸਾਰਾ ਰਸ, ਸਰੀਰ ਦਾ ਸਾਰਾ ਰਸ, ਸਰੀਰ ਵਿਚ ਜਿੰਦ ।੧।ਰਹਾਉ ।
ਪਵਨੁ = ਪ੍ਰਾਣ ।
ਪਰਪੰਚੁ = ਪਸਾਰਾ, ਠੱਗੀ ।
ਜੋਰਿ = ਜੋੜ ਕੇ ।੨ ।
ਕਿਨਹੂ = ਕਈ ਜੀਵਾਂ ਨੇ, ਜਿਨ੍ਹਾਂ ਜੀਵਾਂ ਨੇ ।
ਜੋਰੀ = ਇਕੱਠੀ ਕਰ ਲਈ ।
ਫੋਰੀ = ਟੁੱਟ ਗਈ ।੩ ।
ਕਹਿ = ਕਹੈ, ਆਖਦਾ ਹੈ ।
ਨੀਵ = ਨੀਂਹ ।
ਉਸਾਰੀ = ਖੜੀ ਕੀਤੀ ਹੈ ।
ਅਹੰਕਾਰੀ = ਹੇ ਅਹੰਕਾਰੀ !
    ।੪ ।
    
Sahib Singh
(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ—(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ।੧ ।
ਹੇ ਮੇਰੇ ਗੋਬਿੰਦ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ ।
ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ।੧।ਰਹਾਉ ।
ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ, (ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ।੨ ।
ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ, ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ।੩ ।
ਕਬੀਰ ਆਖਦਾ ਹੈ—ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ।੪।੧।੯।੬੦ ।
ਸ਼ਬਦ ਦਾ
ਭਾਵ:- ਮਨੁੱਖ ਆਪਣੀ ਪਾਇਆਂ ਨੂੰ ਨਾਹ ਸਮਝ ਕੇ ਧਨ-ਪਦਾਰਥ ਦਾ ਅਹੰਕਾਰ ਕਰਦਾ ਰਹਿੰਦਾ ਹੈ ।
ਪਰ ਲੱਖਾਂ ਰੁਪਏ ਜੋੜੇ ਹੋਏ ਭੀ ਇੱਥੇ ਹੀ ਧਰੇ ਰਹਿ ਜਾਂਦੇ ਹਨ, ਤੇ ਇਹ ਸਰੀਰ ਨਾਸ ਹੋਣ ਲੱਗਿਆਂ ਤਾਂ ਇਕ ਪਲ ਨਹੀਂ ਲੱਗਦਾ ।੬੦ ।
Follow us on Twitter Facebook Tumblr Reddit Instagram Youtube