ਗਉੜੀ ॥
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥

ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥

ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥

ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥

Sahib Singh
ਦਹੈ = ਸਾੜਦੀ ।
ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ ।
ਤਸਕਰੁ = ਚੋਰ ।
ਨੇਰਿ = ਨੇੜੇ ।
ਸੰਚਉਨੀ ਕਰਿ = ਇਕੱਠਾ ਕਰ, ਜੋੜ ।
ਕਤਹੀ = ਕਿਤੇ ਭੀ ।੧ ।
ਧਰਣੀ ਧਰੁ = ਧਰਤੀ ਦਾ ਆਸਰਾ ।
ਸਾਰ = ਸ੍ਰੇਸ਼ਟ, ਸਭ ਤੋਂ ਵਧੀਆ ।
ਰਾਜਿ = ਰਾਜ ਵਿਚ ।੧।ਰਹਾਉ ।
ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ ।
ਉਦਾਸੀ = ਵਿਰਕਤ ।
ਮਨਿ = (ਜਿਸ ਮਨੁੱਖ ਦੇ) ਮਨ ਵਿਚ ।
ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ ।
ਫਾਸੀ = ਫਾਹੀ ।੨ ।
ਨਿਜ ਧਨੁ = ਨਿਰੋਲ ਆਪਣਾ ਧਨ ।
ਗੁਰਿ = ਗੁਰੂ ਨੇ ।
ਤਾਸੁ = ਉਸ (ਭਗਤੀ) ਵਿਚ ।
ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ ।
ਜਲਤ = ਸੜਦੇ ਨੂੰ ।
ਅੰਭ = ਪਾਣੀ ।
ਥੰਭਿ = ਥੰਮ੍ਹੀ ।੩ ।
ਮਦਨ = ਕਾਮ ਵਾਸ਼ਨਾ ।
ਮਾਤੇ = ਮਸਤੇ ਹੋਏ ।
ਬੀਚਾਰੀ = ਵਿਚਾਰ ਕੇ, ਸੋਚ ਕੇ ।
ਤੁਮ ਘਰਿ = ਤੁਹਾਡੇ ਘਰ ਵਿਚ ।
ਕੋਟਿ = ਕ੍ਰੋੜਾਂ ।
ਅਸ੍ਵ = ਘੋੜੇ ।
ਹਸਤੀ = ਹਾਥੀ ।
ਮੁਰਾਰੀ = {ਮੁਰ—ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ।
ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ ।੧ ।
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ ।
(ਸਾਡੇ ਮਤ ਵਿਚ ਤਾਂ) ਇਸੇ ਧਨ ਨੂੰਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ ।
ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ।੧।ਰਹਾਉ ।
ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ ।
ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ।੨ ।
ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ ।
ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ ।
(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ।੩ ।
ਕਬੀਰ ਆਖਦਾ ਹੈ—ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ, ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ।੪।੧।੭।੫੮ ।
ਸ਼ਬਦ ਦਾ
ਭਾਵ:- ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ, ਤੇ ਜੋ ਸੁਖ ਨਾਮ-ਧਨ ਵਿਚ ਹੈ, ਉਹ ਸੁਖ ਰਾਜ-ਭਾਗ ਦੀ ਮੌਜ ਵਿਚ ਭੀ ਨਹੀਂ ਹੈ ।੫੮ ।
Follow us on Twitter Facebook Tumblr Reddit Instagram Youtube