ਗਉੜੀ ॥
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥

ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥

ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥

ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥

ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥

Sahib Singh
ਕਹਹਿ = ਆਖਦੇ ਹਨ ।
ਭਲ = ਚੰਗਾ ।
ਅਵਰੁ = ਕੋਈ ਹੋਰ ਸਾਧਨ ।
ਭਾਈ = ਹੇ ਭਾਈ !
ਰੁੰਡ = ਸਿਰ ਤੋਂ ਬਿਨਾ ਨਿਰਾ ਧੜ ।
ਰੁੰਡਿਤ ਮੁੰਡਿਤ = ਰੋਡ = ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ ।
ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ ।
ਏਇ = ਇਹ ਸਾਰੇ ।
ਸਿਧਿ = ਸਫਲਤਾ ।੧ ।
ਭਰਮਿ = ਭਰਮ ਵਿਚ, ਭੁਲੇਖੇ ਵਿਚ ।
ਜਾ ਪਹਿ = ਜਿਸ ਕੋਲ ।
ਜਾਉ = ਮੈਂ ਜਾਂਦਾ ਹਾਂ ।
ਆਪੁ = ਆਪਾ = ਭਾਵ, ਹਉਮੈ ।
ਛੁਟਕਾਵਨਿ = ਦੂਰ ਕਰਾਣ ਲਈ ।
ਤੇ = ਉਹ ਸਾਰੇ ।
ਫੰਧਾ = ਫਾਹੀਆਂ ਵਿਚ ।੧।ਰਹਾਉ ।
ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ ।
ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ ।
ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ:- ਇਸ ‘ਉਪਜੀ’ ਹਉਮੈ ਦਾ ਕਾਰਨ ‘ਰਹਾਉ’ ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ ‘ਹਰਿ ਬਿਨੁ’ ਭਾਵ, ਪ੍ਰਭੂ ਤੋਂ ਵਿਛੋੜਾ} ।
ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ ।
ਇਹ ਬਿਧਿ = ਇਸੇ ਕਰਕੇ ।
ਤਬ ਹੀ = ਤਾਹੀਏਂ ।
ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ ।
ਸੂਰ = ਸੂਰਮੇ ।
ਦਾਤੇ = ਦਾਨ ਕਰਨ ਵਾਲੇ ।
ਏਹਿ = ਇਹ ਸਾਰੇ ।੨ ।
ਜਿਸਹਿ = ਜਿਸ ਨੂੰ ।
ਸੋਈ = ਉਹੀ ਮਨੁੱਖ ।
ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ ।
ਚੂਕੈ = ਮੁੱਕ ਜਾਂਦਾ ਹੈ ।
ਮਾਣਕੁ = ਨਾਮ = ਰੂਪ ਲਾਲ ।
ਲਹੀਐ = ਮਿਲਦਾ ਹੈ ।੩।ਤਜਿ—ਤਜ ਕੇ, ਛੱਡ ਕੇ ।
ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ ।
ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ ।
ਦਿ੍ਰੜੁ = ਪੱਕਾ ।
ਕਹੁ = ਆਖ ।
ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ ।੪ ।
    
Sahib Singh
ਜੋਗੀ ਆਖਦੇ ਹਨ—ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ ।
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ—ਅਸਾਂ ਹੀ ਸਿੱਧੀ ਲੱਭੀ ਹੈ ।੧ ।
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ; (ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ।੧।ਰਹਾਉ ।
ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ) ।
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀ ਸਭ ਤੋਂ ਵੱਡੇ ਹਾਂ ।੨ ।
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ ।
(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤ੍ਰਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ।੩ ।
ਸੋ, ਹੇ ਕਬੀਰ ।
ਆਖ—ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ ।
(ਤੇ ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ।੪।੭।੫੧ ।
ਸ਼ਬਦ ਦਾ
ਭਾਵ:- ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ—ਕੋਈ ਭੀ ਹੋਵੇ, ਜੋ ਮਨੁੱਖ ਪ੍ਰਭੂ ਦੀ ਬੰਦਗੀ ਨਹੀਂ ਕਰਦਾ ਉਸ ਦੀ ਹਉਮੈ ਦੂਰ ਨਹੀਂ ਹੁੰਦੀ, ਤੇ ਹਉਮੈ ਦੂਰ ਹੋਣ ਤੋਂ ਬਿਨਾ ਉਹ ਅਜੇ ਅੌਝੜੇ ਭਟਕ ਰਿਹਾ ਹੈ ।
ਸਹੀ ਜੀਵਨ ਲਈ ਚਾਨਣ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ ।੫੧ ।
Follow us on Twitter Facebook Tumblr Reddit Instagram Youtube