ਰਾਗੁ ਗਉੜੀ ਬੈਰਾਗਣਿ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥

ਮੋ ਕਉ ਕੁਸਲੁ ਬਤਾਵਹੁ ਕੋਈ ॥
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥

ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥

ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥

Sahib Singh
ਜੀਵਤ = ਜੀਊਂਦੇ ।
ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ ।
ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ ।
    ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ ।
    ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ ।
ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ ।
    ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ} ।
ਬਪੁਰੇ = ਵਿਚਾਰੇ ।
ਕੂਕਰ = ਕੁੱਤੇ ।੧ ।
ਕੁਸਲੁ = ਸੁਖ = ਸਾਂਦ, ਅਨੰਦ ।੧।ਰਹਾਉ।ਕਰਿ—ਬਣਾ ਕੇ ।
ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ ।
{ਨੋਟ: = ਵਿਆਹ-ਸ਼ਾਦੀਆਂ ਸਮੇ ਪੁਰਾਣੇ ਖਿ਼ਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ ‘ਵੱਡੇ ਅੱਡਦੇ’ ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ ‘ਵੱਡੇ’ ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ ।
    ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤ੍ਰਹਾਂ ਆਪਣੇ ਪਿਤਰਾਂ ਪਾਸੋਂ ‘ਕੁਸ਼ਲ’ ਦੀ ਅਸੀਸ ਲੈਂਦੇ ਹਨ} ।
ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ ।
ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ ।
ਕਾਲ = ਸਮਾਂ ।
ਗਤਿ = ਹਾਲਤ, ਅਵਸਥਾ ।
ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ ।
ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ ।੩ ।
ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ ।
ਅਕੁਲੁ = {ਅ = ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ ।
ਬਿਖਿਆ = ਮਾਇਆ ।੪ ।
    
Sahib Singh
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ ।
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ ?
ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ।੧ ।
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ ।
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ ।
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ, (ਹੇ ਭਾਈ! ਇਸੇ ਤ੍ਰਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ।੨ ।
ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ, ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤ੍ਰਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ (ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ ।੩ ।
ਕਬੀਰ ਆਖਦਾ ਹੈ—(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ ‘ਕੁਸ਼ਲ’ ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ, ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ।੪।੧।੪੫ ।
ਸ਼ਬਦ ਦਾ
ਭਾਵ:- ਘਰ ਵਿਚ ਹਰ ਤ੍ਰਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਭਰਮੀ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ; ਵਿਆਹਾਂ-ਸ਼ਾਦੀਆਂ ਸਮੇ ‘ਵੱਡੇ ਅੱਡਦੇ ਹਨ’, ਪਰ ਫਿਰ ਭੀ ਸਹਿਮ ਬਣਿਆ ਹੀ ਰਹਿੰਦਾ ਹੈ, ਕਿਉਂਕਿ ਸੁਖ ਅਨੰਦ ਦੇ ਸੋਮੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ ।੪੫ ।
Follow us on Twitter Facebook Tumblr Reddit Instagram Youtube