ਗਉੜੀ ਚੇਤੀ
ੴ ਸਤਿਗੁਰ ਪ੍ਰਸਾਦਿ ॥
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
ਬਾਤਨ ਹੀ ਅਸਮਾਨੁ ਗਿਰਾਵਹਿ ॥੧॥

ਐਸੇ ਲੋਗਨ ਸਿਉ ਕਿਆ ਕਹੀਐ ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥

ਆਪਿ ਨ ਦੇਹਿ ਚੁਰੂ ਭਰਿ ਪਾਨੀ ॥
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥

ਬੈਠਤ ਉਠਤ ਕੁਟਿਲਤਾ ਚਾਲਹਿ ॥
ਆਪੁ ਗਏ ਅਉਰਨ ਹੂ ਘਾਲਹਿ ॥੩॥

ਛਾਡਿ ਕੁਚਰਚਾ ਆਨ ਨ ਜਾਨਹਿ ॥
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥

ਆਪੁ ਗਏ ਅਉਰਨ ਹੂ ਖੋਵਹਿ ॥
ਆਗਿ ਲਗਾਇ ਮੰਦਰ ਮੈ ਸੋਵਹਿ ॥੫॥

ਅਵਰਨ ਹਸਤ ਆਪ ਹਹਿ ਕਾਂਨੇ ॥
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥

Sahib Singh
ਜਸੁ = ਵਡਿਆਈ, ਸਿਫ਼ਤਿ = ਸਾਲਾਹ ।
ਬਾਤਨ ਹੀ = ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ ।੧ ।
ਸਿਉ = ਨਾਲ, ਨੂੰ ।
ਕਿਆ ਕਹੀਐ = ਕੀਹ ਆਖੀਏ ?
    ਮੱਤ ਦੇਣ ਦਾ ਕੋਈ ਲਾਭ ਨਹੀਂ ।
ਕੀਏ = ਕੀਤੇ, ਬਣਾਏ ।
ਬਾਹਜ = ਸੱਖਣੇ, ਖ਼ਾਲੀ, ਬਿਨਾ ।
ਭਗਤਿ ਤੇ ਬਾਹਜ ਕੀਏ = ਭਗਤੀ ਤੋਂ ਸੱਖਣੇ ਰੱਖੇ ।
ਡਰਾਨੇ ਰਹੀਐ = ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ ।੧।ਰਹਾਉ ।
ਨ ਦੇਹਿ = ਨਹੀਂ ਦੇਂਦੇ ।
ਚੁਰੂ ਭਰਿ = ਇੱਕ ਚੁਲੀ ਜਿਤਨਾ ।
ਤਿਹ = ਉਹਨਾਂ (ਮਨੁੱਖਾਂ) ਨੂੰ ।
ਜਿਹ = ਜਿਨ੍ਹਾਂ ਨੇ ।
ਆਨੀ = ਲੈ ਆਂਦੀ ਹੈ, ਵਗਾ ਦਿੱਤੀ ਹੈ ।੨ ।
ਕੁਟਿਲ = ਟੇਢੀਆਂ ਚਾਲਾਂ ਚੱਲਣ ਵਾਲਾ ।
ਕੁਟਿਲਤਾ = ਟੇਢੀਆਂ ਚਾਲਾਂ ।
ਆਪੁ = ਆਪਹੁ, ਆਪਣੇ ਆਪ ਤੋਂ ।
ਹੂ = ਭੀ ।
ਘਾਲਹਿ = ਘੱਲਦੇ ਹਨ ।
(ਆਪੁ) ਘਾਲਹਿ = ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ ।੩ ।
ਕੁਚਰਚਾ = ਕੋਝੀ ਚਰਚਾ, ਥੋਥੀ ਬਹਿਸ ।
ਛਾਡਿ = ਛੱਡ ਕੇ, ਤੋਂ ਬਿਨਾ ।
ਆਨ = ਕੋਈ ਹੋਰ ਗੱਲ ।
ਬ੍ਰਹਮਾ ਹੂ ਕੋ ਕਹਿਓ = ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ ।
ਕੋ = ਦਾ ।੪ ।
ਖੋਵਹਿ = ਖੁੰਝਾਉਂਦੇ ਹਨ ।
ਮੰਦਰ = ਘਰ ।
ਮੈ = ਮਹਿ, ਵਿਚ ।੫ ।
ਹਸਤ = ਮਖ਼ੌਲ ਕਰਦੇ ਹਨ ।
ਦੇਖਿ = ਵੇਖ ਕੇ ।
ਲਜਾਨੇ = ਸ਼ਰਮ ਆਉਂਦੀ ਹੈ ।੬ ।
    
Sahib Singh
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ, ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ।੧ ।
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ।੧।ਰਹਾਉ।(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ, ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ।੨ ।
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ, ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ।੩ ।
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ, ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ।੪ ।
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ, ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ।੫ ।
ਉਹ ਆਪ ਤਾਂ ਕਾਣੇ ਹਨ (ਕਈ ਤ੍ਰਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ ।
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ।੬।੧।੧੪ ।
ਸ਼ਬਦ ਦਾ
ਭਾਵ:- ਸ਼ੇਖ਼ੀ-ਖ਼ੋਰੇ ਬੰਦਿਆਂ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਹੀਂ ਹੋ ਸਕਦਾ, ਉਹ ਸਗੋਂ ਹੋਰਨਾਂ ਨੂੰ ਭੀ ਵਿਗਾੜਨ ਦੇ ਜਤਨ ਕਰਦੇ ਹਨ ।
ਅਜਿਹੇ ਬੰਦਿਆਂ ਤੋਂ ਪਰੇ ਹੀ ਰਹਿਣਾ ਚੰਗਾ ਹੁੰਦਾ ਹੈ ।੪੪ ।

ਨੋਟ: ਇਸ ਸ਼ਬਦ ਦੇ ੬ ‘ਬੰਦ’ ਹਨ; ਅਗਲੇ ਅੰਕ ਨੰ: ੧ ਦਾ ਭਾਵ ਇਹ ਹੈ ਕਿ ਇਹ ‘ਗਉੜੀ ਚੇਤੀ’ ਦਾ ਪਹਿਲਾ ਸ਼ਬਦ ਹੈ ।
ਕਬੀਰ ਜੀ ਦੇ ਸ਼ਬਦਾਂ ਦੇ ਸਿਲਸਿਲੇ ਵਿਚ ਇਹ ੪੪ਵਾਂ ਸ਼ਬਦ ਹੈ ।
Follow us on Twitter Facebook Tumblr Reddit Instagram Youtube