ਗਉੜੀ ॥
ਝਗਰਾ ਏਕੁ ਨਿਬੇਰਹੁ ਰਾਮ ॥
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥

ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥

ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥

ਕਹਿ ਕਬੀਰ ਹਉ ਭਇਆ ਉਦਾਸੁ ॥
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥

Sahib Singh
ਝਗਰਾ = ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ ।
ਰਾਮ = ਹੇ ਪ੍ਰਭੂ !
ਜਉ = ਜੇ ।
ਜਨ = ਸੇਵਕ ।
ਸੌ = ਨਾਲ ।
ਕਾਮੁ = ਕੰਮ ।੧।ਰਹਾਉ ।
ਬਡਾ = ਵੱਡਾ, ਸਤਕਾਰ = ਜੋਗ ।
ਕਿ = ਜਾਂ ।
ਜਾ ਸਉ = ਜਿਸ (ਪ੍ਰਭੂ) ਨਾਲ ।
ਮਾਨਿਆ = ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ ।
ਰਾਮੁ = ਪ੍ਰਭੂ ।
ਰਾਮਹਿ = ਪ੍ਰਭੂ ਨੂੰ ।
ਜਾਨਿਆ = (ਜਿਸ ਨੇ) ਪਛਾਣ ਲਿਆ ਹੈ ।
ਕੈ = ਜਾਂ ।੧ ।
ਬ੍ਰਹਮਾ = ਬ੍ਰਹਮਾ ਆਦਿਕ ਦੇਵਤੇ ।
ਜਾਸੁ = (ਯÔਯ) ਜਿਸ ਦਾ ।
ਉਪਾਇਆ = ਪੈਦਾ ਕੀਤਾ ਹੋਇਆ ।੨ ।
ਕਹਿ = ਕਹੈ, ਆਖਦਾ ਹੈ ।
ਹਉ = ਮੈਂ ।
ਉਦਾਸੁ = ਦੁਚਿੱਤਾ (ੁਨਦੲਚਦਿੲਦ) ।
ਕਿ = ਜਾਂ ।
ਤੀਰਥੁ = ਧਰਮ = ਅਸਥਾਨ ।੩।੪੨ ।
    
Sahib Singh
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ ਤਾਂ) ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ) ।੧।ਰਹਾਉ ।
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ) ?
ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ ?
।੧ ।
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ ?
ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ ?
।੨ ।
ਕਬੀਰ ਆਖਦਾ ਹੈ—ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ।੩।੪੨ ।

ਨੋਟ: ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਧਾਰਮਿਕ ਰਸਤੇ ਵਿਚ ਵਾਪਰਨ ਵਾਲੇ ਕਈ ਭੁਲੇਖੇ ਦੂਰ ਕੀਤੇ ਹਨ—(੧) ‘ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ’—ਇਹ ਖਿ਼ਆਲ ਹਉਮੈ ਵਲ ਲੈ ਜਾਂਦਾ ਹੈ ।
ਇਸ ‘ਮੈਂ’ ਨੂੰ, ਇਸ ‘ਮਨ’ ਨੂੰ ਬੇਅੰਤ ਪ੍ਰਭੂ ਵਿਚ ਲੀਨ ਕਰਨਾ ਹੀ ਸਹੀ ਰਸਤਾ ਹੈ ।
(੨) ਪ੍ਰਭੂ ਨਾਲ ਮਿਲਾਪ ਤਦੋਂ ਹੀ ਸੰਭਵ ਹੋ ਸਕੇਗਾ ਜੇ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ ।
(੩) ਸਭ ਦੇਵਤਿਆਂ ਦਾ ਸਿਰਤਾਜ ਸਿਰਜਣ-ਹਾਰ ਪ੍ਰਭੂ ਆਪ ਹੀ ਹੈ ।
(੪) ਨਿਰਾ ‘ਗਿਆਨ’ ਕਾਫ਼ੀ ਨਹੀਂ, ਗਿਆਨ-ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾਜ਼ਰੂਰੀ ਹੈ ।
(੫) ਅਸਲੀ ਤੀਰਥ ‘ਸਤਿਗੁਰੂ’ ਹੈ ।
ਅਸਲ ਸ਼ਿਰੋਮਣੀ ਵਿਚਾਰ, ਮੁੱਖ-ਭਾਵ, ਸ਼ਬਦ ਦੀ ਅਖ਼ੀਰਲੀ ਤੁਕ ਵਿਚ ਹੈ ।
ਸ਼ਬਦ ਦਾ
ਭਾਵ:- ਅਸਲ ਤੀਰਥ ‘ਸਤਿਗੁਰੂ’ ਹੈ, ਜਿਸ ਨਾਲ ਪਿਆਰ ਕਰਨ ਦਾ ਸਦਕਾ ਉਹ ਗਿਆਨ ਪ੍ਰਾਪਤ ਹੁੰਦਾ ਹੈ ਜੋ ਪ੍ਰਭੂ ਵਿਚ ਜੋੜ ਦੇਂਦਾ ਹੈ ।੪੨ ।
Follow us on Twitter Facebook Tumblr Reddit Instagram Youtube