ਗਉੜੀ ਭੀ ਸੋਰਠਿ ਭੀ ॥
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥

ਜਾ ਕੋ ਠਾਕੁਰੁ ਊਚਾ ਹੋਈ ॥
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥

ਸੋ ਸਾਹਿਬੁ ਰਹਿਆ ਭਰਪੂਰਿ ॥
ਸਦਾ ਸੰਗਿ ਨਾਹੀ ਹਰਿ ਦੂਰਿ ॥੨॥

ਕਵਲਾ ਚਰਨ ਸਰਨ ਹੈ ਜਾ ਕੇ ॥
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥

ਸਭੁ ਕੋਊ ਕਹੈ ਜਾਸੁ ਕੀ ਬਾਤਾ ॥
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥

ਕਹੈ ਕਬੀਰੁ ਪੂਰਨ ਜਗ ਸੋਈ ॥
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
ਕਉਨੁ ਮਰੈ ਕੋ ਦੇਇ ਸੰਤਾਪੋ ॥੧॥

ਹਰਿ ਠਗ ਜਗ ਕਉ ਠਗਉਰੀ ਲਾਈ ॥
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥

ਕਉਨ ਕੋ ਪੁਰਖੁ ਕਉਨ ਕੀ ਨਾਰੀ ॥
ਇਆ ਤਤ ਲੇਹੁ ਸਰੀਰ ਬਿਚਾਰੀ ॥੨॥

ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥

Sahib Singh
ਕਉਨ ਕੋ = ਕਿਸ ਦਾ ?
ਕਾ ਕੋ = ਕਿਸ ਦਾ ?
ਕੋ = ਕੌਣ ?
ਦੇਇ = ਦੇਂਦਾ ਹੈ ।
ਸੰਤਾਪੋ = ਕਲੇਸ਼ ।੧।ਕਉ—ਨੂੰ ।
ਠਗਉਰੀ = ਠਗ = ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ ਕਿਸੇ ਨੂੰ ਠੱਗਣ ਲਈ ।
ਬਿਓਗ = ਵਿਛੋੜਾ ।
ਜੀਅਉ = ਮੈਂ ਜੀਵਾਂ ।
ਮੇਰੀ ਮਾਈ = ਹੇ ਮੇਰੀ ਮਾਂ !
    ।੧।ਰਹਾਉ ।
ਪੁਰਖੁ = ਮਨੁੱਖ, ਮਰਦ, ਖਸਮ ।
ਨਾਰੀ = ਇਸਤ੍ਰੀ, ਵਹੁਟੀ ।
ਇਆ = ਇਸ ਦਾ ।
ਇਆ ਤਤ = ਇਸ ਅਸਲੀਅਤ ਦਾ ।
ਸਰੀਰ = ਮਨੁੱਖਾ ਜਨਮ ।੨ ।
ਕਹਿ = ਕਹੈ, ਆਖਦਾ ਹੈ ।
ਮਾਨਿਆ = ਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ ।੩ ।
    
Sahib Singh
ਕਿਸ ਦਾ ਕੋਈ ਪੁੱਤਰ ਹੈ ?
ਕਿਸ ਦਾ ਕੋਈ ਪਿਉ ਹੈ ?
(ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ) ।
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ ?
(ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤ੍ਰਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ।੧ ।
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ), ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ।੧।ਰਹਾਉ ।
ਕਿਸ (ਇਸਤ੍ਰੀ) ਦਾ ਕੋਈ ਖਸਮ ?
ਕਿਸ (ਖਸਮ) ਦੀ ਕੋਈ ਵਹੁਟੀ ?
(ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖਿ਼ਰ ਮੁੱਕ ਜਾਂਦੀ ਹੈ)—ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ।੨ ।
ਕਬੀਰ ਆਖਦਾ ਹੈ—ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ, (ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ।੩।੩੯ ।
ਸ਼ਬਦ ਦਾ
ਭਾਵ:- ਪਰਮਾਤਮਾ ਨੇ ਆਪ ਇਹ ਮਾਇਆ ਦਾ ਮੋਹ ਬਣਾਇਆ ਹੈ ।
ਸਾਰੇ ਜੀਵ ਇਸ ਪਿਉ-ਪੁੱਤਰ ਤੇ ਖ਼ਸਮ-ਵਹੁਟੀ ਆਦਿਕ ਵਾਲੇ ਸੰਬੰਧ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਭੁਲਾ ਕੇ ਦੁਖੀ ਹੁੰਦੇ ਰਹਿੰਦੇ ਹਨ, ਪਰ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ, ਉਸ ਨੂੰ ਇਹ ਮੋਹ ਨਹੀਂ ਵਿਆਪਦਾ ।੩੯ ।
Follow us on Twitter Facebook Tumblr Reddit Instagram Youtube