ਗਉੜੀ ਗੁਆਰੇਰੀ ॥
ਅਹਿਨਿਸਿ ਏਕ ਨਾਮ ਜੋ ਜਾਗੇ ॥
ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥

ਸਾਧਕ ਸਿਧ ਸਗਲ ਮੁਨਿ ਹਾਰੇ ॥
ਏਕ ਨਾਮ ਕਲਿਪ ਤਰ ਤਾਰੇ ॥੧॥

ਜੋ ਹਰਿ ਹਰੇ ਸੁ ਹੋਹਿ ਨ ਆਨਾ ॥
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥

Sahib Singh
ਅਹਿ = ਦਿਨ ।
ਨਿਸਿ = ਰਾਤ ।
ਜੋ ਜਾਗੇ = ਜੋ ਮਨੁੱਖ ਜਾਗ ਪੈਂਦੇ ਹਨ (ਭਾਵ, ਮਾਇਆ ਦੀ ਨੀਂਦ ਵਿਚੋਂ ਉੱਠ ਖਲੋਂਦੇ ਹਨ) ।
ਕੇਤਕ = ਕਈ ਮਨੁੱਖ ।
ਸਿਧ = ਪੁੱਗੇ ਹੋਏ, ਜਿਨ੍ਹਾਂ ਦੀ ਘਾਲ ਸਫਲ ਹੋ ਗਈ ਹੈ ।
ਲਿਵ ਲਾਗੇ = ਲਿਵ ਲਗਾ ਕੇ, ਸੁਰਤ ਜੋੜ ਕੇ ।੧।ਰਹਾਉ ।
ਸਾਧਕ = ਸਾਧਨ ਕਰਨ ਵਾਲੇ ।
ਸਗਲ = ਸਾਰੇ ।
ਹਾਰੇ = ਥੱਕ ਗਏ ਹਨ ।
ਕਲਿਪ ਤਰ = ਕਲਪ ਰੁੱਖ, {ਪੁਰਾਤਨ ਹਿੰਦੂ ਪੁਸਤਕਾਂ ਵਿਚ ਇਹ ਗੱਲ ਮੰਨੀ ਗਈ ਹੈ ਕਿ ਸ੍ਵਰਗ ਵਿਚ ਪੰਜ ਰੁੱਖ ਹਨ, ਜਿਨ੍ਹਾਂ ਵਿਚੋਂ ਇਕ ਕਲਪ-ਰੁੱਖ ਹੈ; ਇਸ ਦੇ ਹੇਠ ਜਾ ਕੇ ਜੋ ਮਨੋ-ਕਾਮਨਾ ਕਰੀਏ ਉਹ ਪੂਰੀ ਕਰਾ ਦੇਂਦਾ ਹੈ} ।
ਤਾਰੇ = ਤਾਰ ਲੈਂਦਾ ਹੈ, ਬੇੜਾ ਪਾਰ ਕਰ ਦੇਂਦਾ ਹੈ ।੧ ।
ਹਰਿ ਹਰੇ = ਹਰੀ ਹਰੀ ਹੀ, ਪ੍ਰਭੂ ਪ੍ਰਭੂ ਹੀ (ਜਪਦੇ ਹਨ) ।
ਹੋਹਿ ਨ = ਨਹੀਂ ਹੁੰਦੇ ।
ਆਨਾ = (ਪ੍ਰਭੂ ਤੋਂ) ਵੱਖਰੇ ।
ਪਛਾਨਾ = ਪਛਾਣ ਲਿਆ ਹੈ ।੨ ।
    
Sahib Singh
ਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ।੧।ਰਹਾਉ ।
(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ; ਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ।੧ ।
ਕਬੀਰ ਆਖਦਾ ਹੈ—ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ, ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ।੨।੩੭ ।
ਸ਼ਬਦ ਦਾ
ਭਾਵ:- ਪਰਮਾਤਮਾ ਦਾ ਨਾਮ ਜਪਣ ਵਾਲੇ ਬੰਦੇ ਪਰਮਾਤਮਾ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ।
ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਵਾਸ਼ਨਾ ਤੋਂ ਬਚਾਉਂਦਾ ਹੈ, ਹੋਰ ਕੋਈ ਵਸੀਲਾ ਨਹੀਂ ਹੈ ।੩੭ ।
Follow us on Twitter Facebook Tumblr Reddit Instagram Youtube