ਗਉੜੀ ਕਬੀਰ ਜੀ ਦੁਪਦੇ ॥
ਨਾ ਮੈ ਜੋਗ ਧਿਆਨ ਚਿਤੁ ਲਾਇਆ ॥
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥

ਕੈਸੇ ਜੀਵਨੁ ਹੋਇ ਹਮਾਰਾ ॥
ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥

ਕਹੁ ਕਬੀਰ ਖੋਜਉ ਅਸਮਾਨ ॥
ਰਾਮ ਸਮਾਨ ਨ ਦੇਖਉ ਆਨ ॥੨॥੩੪॥

Sahib Singh
ਨੋਟ: = ਦੁਪਦੇ = ਦੋ ਪਦਾਂ ਵਾਲੇ ਸ਼ਬਦ {ਪਦ—ਬੰਦ=ਸ਼ਟੳਨਜ਼ੳ}, ਦੋ ਬੰਦਾਂ ਵਾਲੇ ਸ਼ਬਦ ।
    ਲਫ਼ਜ਼ ‘ਦੁਪਦੇ’ ਦੇ ਹੇਠ ਨਿੱਕੇ ਅੰਕ ‘੨’ ਦਾ ਭਾਵ ਇਹ ਹੈ ਕਿ ਦੋ ਪਦਾਂ ਵਾਲੇ ਦੋ ਸ਼ਬਦ ਅਗਾਂਹ ਦਰਜ ਹਨ ਨੰ: ੩੪ ਅਤੇ ਨੰ:੩੫ ।
ਚਿਤੁ ਲਾਇਆ = ਮਨ ਜੋੜਿਆ, ਖਿ਼ਆਲ ਕੀਤਾ, ਗਹੁ ਕੀਤਾ ।
ਬੈਰਾਗ = ਸੰਸਾਰ ਦੇ ਮੋਹ ਤੋਂ ਉਪਰਾਮਤਾ ।
ਛੂਟਸਿ = ਦੂਰ ਹੋਵੇਗੀ ।
ਨ ਛੂਟਸਿ = ਖ਼ਲਾਸੀ ਨਹੀਂ ਹੋਵੇਗੀ ।੧ ।
ਜਬ = ਜੇ ।
ਅਧਾਰਾ = ਆਸਰਾ ।੧ ।
ਖੋਜਉ = ਮੈਂ ਖੋਜਦਾ ਹਾਂ, ਮੈਂ ਭਾਲ ਚੁਕਿਆ ਹਾਂ ।
ਅਸਮਾਨ = ਅਕਾਸ਼ ਤਾਈਂ ।
ਆਨ = ਕੋਈ ਹੋਰ, ਪ੍ਰਭੂ ਤੋਂ ਬਿਨਾ ਕੋਈ ਦੂਜਾ ।
ਨ ਦੇਖਉ = ਮੈਂ ਨਹੀਂ ਵੇਖਦਾ, ਮੈਨੂੰ ਕੋਈ ਨਹੀਂ ਲੱਭਾ ।੨ ।
    
Sahib Singh
ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ (ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ।੧ ।
(ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ਅਸੀ (ਸਹੀ ਜੀਵਨ) ਜੀਊ ਹੀ ਨਹੀਂ ਸਕਦੇ ।੧।ਰਹਾਉ ।
ਹੇ ਕਬੀਰ! ਆਖ—ਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ।੨।੩੪ ।
ਸ਼ਬਦ ਦਾ
ਭਾਵ:- ਪ੍ਰਭੂ ਦਾ ਇਕ ਨਾਮ ਹੀ ਐਸਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਦਾ ਰਾਹ ਸਿਖਾ ਸਕਦਾ ਹੈ ।
ਨਾਹ ਕੋਈ ਹੋਰ ਵਿਅਕਤੀ ਤੇ ਨਾਹ (ਜੋਗ ਆਦਿਕ) ਕੋਈ ਹੋਰ ਸਾਧਨ ਇਸ ਗੱਲ ਦੇ ਸਮਰੱਥ ਹੈ ।੩੪ ।
Follow us on Twitter Facebook Tumblr Reddit Instagram Youtube