ਗਉੜੀ ਕਬੀਰ ਜੀ ॥
ਆਪੇ ਪਾਵਕੁ ਆਪੇ ਪਵਨਾ ॥
ਜਾਰੈ ਖਸਮੁ ਤ ਰਾਖੈ ਕਵਨਾ ॥੧॥

ਰਾਮ ਜਪਤ ਤਨੁ ਜਰਿ ਕੀ ਨ ਜਾਇ ॥
ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥

ਕਾ ਕੋ ਜਰੈ ਕਾਹਿ ਹੋਇ ਹਾਨਿ ॥
ਨਟ ਵਟ ਖੇਲੈ ਸਾਰਿਗਪਾਨਿ ॥੨॥

ਕਹੁ ਕਬੀਰ ਅਖਰ ਦੁਇ ਭਾਖਿ ॥
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥

Sahib Singh
ਆਪੇ = ਆਪ ਹੀ ।
ਪਾਵਕੁ = ਅੱਗ ।
ਪਵਨਾ = ਹਵਾ ।
ਜਾਰੈ = ਸਾੜਦਾ ਹੈ ।
ਤ = ਤਾਂ ।
ਕਵਨਾ = ਕੌਣ ?
    ।੧ ।
ਰਾਮ ਜਪਤ = ਪ੍ਰਭੂ ਦਾ ਸਿਮਰਨ ਕਰਦਿਆਂ ।
ਕੀ ਨ = ਕਿਉਂ ਨ ?
    ਭਾਵੇਂ, ਬੇਸ਼ੱਕ ।
ਜਰਿ ਕੀ ਨ ਜਾਇ = ਬੇਸ਼ਕ ਸੜ ਜਾਏ ।੧।ਰਹਾਉ ।
ਕਾ ਕੋ = ਕਿਸ ਦਾ ਕੁਝ ?
ਕਾਹਿ = ਕਿਸ ਦਾ ?
ਹਾਨਿ = ਹਾਨੀ, ਨੁਕਸਾਨ ।
ਵਟ = ਵਟਾਉ, ਭੇਸ ।
ਸਾਰਿਗਪਾਨਿ = {ਸਾਰਿਗ—ਧਨਖ ।
ਪਾਨਿ = ਹੱਥ ।
    ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ, ਜੋ ਸਭ ਜੀਵਾਂ ਨੂੰ ਮਾਰਨ ਵਾਲਾ ਭੀ ਹੈ} ਪਰਮਾਤਮਾ ।੨ ।
ਭਾਖਿ = ਆਖ ।
ਅਖਰ ਦੁਇ = ਦੋਵੇਂ ਅੱਖਰ, ਦੋ ਹੀ ਗੱਲਾਂ, ਇਕ ਨਿੱਕੀ ਜਿਹੀ ਗੱਲ ।
ਹੋਇਗਾ ਖਸਮੁ = ਜੇ ਮਾਲਕ ਹੋਵੇਗਾ, ਜੇ ਖਸਮ ਨੂੰ ਮਨਜ਼ੂਰ ਹੋਵੇਗਾ ।
ਲੇਇਗਾ ਰਾਖਿ = ਬਚਾ ਲਏਗਾ ।੩ ।
    
Sahib Singh
ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ ।
ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ ?
।੧ ।
(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ) ।੧।ਰਹਾਉ ।
(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ; ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ।੨ ।
(ਇਸ ਵਾਸਤੇ) ਹੇ ਕਬੀਰ! (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ।੩।੩੩ ।
ਸ਼ਬਦ ਦਾ
ਭਾਵ:- ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਹਰ ਥਾਂ ਰਾਖਾ ਹੈ, ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ; ਉਹ ਆਪ ਹੀ ਜਗਤ ਦੀ ਹਰੇਕ ਖੇਡ, ਖੇਡ ਰਿਹਾ ਹੈ ।੩੩ ।
Follow us on Twitter Facebook Tumblr Reddit Instagram Youtube