ਗਉੜੀ ਕਬੀਰ ਜੀ ॥
ਦੇਇ ਮੁਹਾਰ ਲਗਾਮੁ ਪਹਿਰਾਵਉ ॥
ਸਗਲ ਤ ਜੀਨੁ ਗਗਨ ਦਉਰਾਵਉ ॥੧॥

ਅਪਨੈ ਬੀਚਾਰਿ ਅਸਵਾਰੀ ਕੀਜੈ ॥
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥

ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥

ਕਹਤ ਕਬੀਰ ਭਲੇ ਅਸਵਾਰਾ ॥
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥

Sahib Singh
ਦੇਇ = ਦੇ ਕੇ, ਪਾ ਕੇ ।
ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ+ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ} ।
ਲਗਾਮੁ = (ਭਾਵ) ਪ੍ਰੇਮ ਦੀ ਲਗਨ ।
ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ ।
ਸਗਲਤ = ਸਰਬ = ਵਿਆਪਕਤਾ ।
ਗਗਨ = ਅਕਾਸ਼; ਭਾਵ, ਦਸਮ = ਦੁਆਰ ।
ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ ।੧ ।
ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ-(ਰੂਪ ਘੋੜੇ) ਉਤੇ ।
ਅਸਵਾਰੀ ਕੀਜੈ = ਸਵਾਰ ਹੋ ਜਾਈਏ ।
ਪਾਵੜੈ = ਰਕਾਬ ਵਿਚ ।
ਸਹਜ = ਸ਼ਾਂਤੀ, ਅਡੋਲਤਾ ।
ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ ।
ਪਗੁ = ਪੈਰ, ਬੁੱਧੀ = ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ—ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ} ।
ਧਰਿ ਲੀਜੈ = ਰੱਖ ਲਈਏ ।੧।ਰਹਾਉ ।
ਚਲੁ ਰੇ = ਹੇ (ਮਨ!) ਤੁਰ ।
ਤੁਝਹਿ = (ਹੇ ਮਨ!) ਤੈਨੂੰ ।
ਤਾਰਉ = ਤਰਾਵਾਂ, ਤਾਰੀਆਂ ਲਵਾਵਾਂ ।
ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ ।
ਹਿਚਹਿ = ਜੇ ਤੂੰ ਅੜੀ ਕਰੇਂਗਾ ।੨ ।
ਭਲੇ = ਚੰਗੇ, ਸਿਆਣੇ ।
ਤੇ = ਤੋਂ ।
ਨਿਰਾਰਾ = ਨਿਰਾਲਾ, ਵੱਖਰਾ ।
ਰਹਹਿ = ਰਹਿੰਦੇ ਹਨ ।੨ ।
    
Sahib Singh
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ—ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ।੧ ।
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ; ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ।੧।ਰਹਾਉ ।
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ; ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ।੨ ।
ਕਬੀਰ ਆਖਦਾ ਹੈ—(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ) ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ।੩।੩੧ ।
ਸ਼ਬਦ ਦਾ
ਭਾਵ:- ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣ ਦੇ ਥਾਂ, ਧਰਮ ਦਾ ਸਹੀ ਰਸਤਾ ਇਹ ਹੈ ਕਿਆਪਣੇ ਅਸਲੇ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿਚ ਨਾਹ ਡੋਲਣ ਦੇਈਏ ।
ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿਚ ਉਡਾਰੀਆਂ ਲਾਉਂਦਾ ਹੈ! ।੩੧ ।
Follow us on Twitter Facebook Tumblr Reddit Instagram Youtube