ਗਉੜੀ ਕਬੀਰ ਜੀ ॥
ਓਇ ਜੁ ਦੀਸਹਿ ਅੰਬਰਿ ਤਾਰੇ ॥
ਕਿਨਿ ਓਇ ਚੀਤੇ ਚੀਤਨਹਾਰੇ ॥੧॥

ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥

ਸੂਰਜ ਚੰਦੁ ਕਰਹਿ ਉਜੀਆਰਾ ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥

ਕਹੁ ਕਬੀਰ ਜਾਨੈਗਾ ਸੋਇ ॥
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥

Sahib Singh
ਓਇ = {ਇਹ ਲਫ਼ਜ਼ ‘ਓਹ’ ਤੋਂ ‘ਬਹੁ-ਵਚਨ’ (ਫਲੁਰੳਲ) ਹੈ} ।
ਦੀਸਹਿ = ਦਿੱਸ ਰਹੇ ਹਨ ।
ਅੰਬਰਿ = ਅੰਬਰ ਵਿਚ, ਅਕਾਸ਼ ਵਿਚ ।
ਕਿਨਿ = ਕਿਸ ਨੇ ?
ਚੀਤੇ = ਚਿੱਤਰੇ ਹਨ ।
ਚੀਤਨਹਾਰੇ = ਚਿੱਤ੍ਰਕਾਰ ਨੇ ।੧ ।
ਅੰਬਰੁ = ਅਕਾਸ਼ ।
ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ ?
ਬੂਝਨਹਾਰੁ = ਬੁੱਝਣ ਵਾਲਾ, ਸਿਆਣਾ ।੧।ਰਹਾਉ ।
ਕਰਹਿ = ਕਰ ਰਹੇ ਹਨ ।
ਉਜਿਆਰਾ = ਚਾਨਣਾ ।
ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ।੨ ।
ਸੋਇ = ਉਹੀ ਮਨੁੱਖ ।
ਹਿਰਦੈ = ਹਿਰਦੇ ਵਿਚ ।
ਮੁਖਿ = ਮੂੰਹ ਵਿਚ ।
ਰਾਮੈ = ਰਾਮ ਹੀ {ਰਾਮ ਈ=ਰਾਮੈ} ।੩ ।
    
Sahib Singh
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ, ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ ?
।੧ ।
ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ ?
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ।੧।ਰਹਾਉ ।
(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ (ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ।੨।ਹੇ ਕਬੀਰ! (ਬੇਸ਼ੱਕ) ਆਖ—(ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ, ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ।੩।੨੯ ।
ਸ਼ਬਦ ਦਾ
ਭਾਵ:- ਇਸ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਤੇ ਆਸਰਾ ਦੇਣ ਵਾਲਾ ਪ੍ਰਭੂ ਆਪ ਹੀ ਹੈ, ਉਸ ਦੀ ਆਪਣੀ ਹੀ ਜੋਤਿ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ, ਪਰ ਇਸ ਗੱਲ ਦੀ ਸਮਝ ਸਿਰਫ਼ ਉਸ ਮਨੁੱਖ ਨੂੰ ਹੀ ਪੈਂਦੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ ।੨੯ ।
Follow us on Twitter Facebook Tumblr Reddit Instagram Youtube