ਗਉੜੀ ਕਬੀਰ ਜੀ ॥
ਗਗਨਿ ਰਸਾਲ ਚੁਐ ਮੇਰੀ ਭਾਠੀ ॥
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥

ਉਆ ਕਉ ਕਹੀਐ ਸਹਜ ਮਤਵਾਰਾ ॥
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥

ਸਹਜ ਕਲਾਲਨਿ ਜਉ ਮਿਲਿ ਆਈ ॥
ਆਨੰਦਿ ਮਾਤੇ ਅਨਦਿਨੁ ਜਾਈ ॥੨॥

ਚੀਨਤ ਚੀਤੁ ਨਿਰੰਜਨ ਲਾਇਆ ॥
ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥

Sahib Singh
ਗਗਨ = ਅਕਾਸ਼, ਦਸਮ = ਦੁਆਰ ।
ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ ।
ਗਗਨਿ ਭਾਠੀ = ਦਸਮ ਦੁਆਰ = ਰੂਪ ਭੱਠੀ ਵਿਚੋਂ ।
ਰਸਾਲ = ਰਸੀਲਾ, ਸੁਆਦਲਾ ।
ਚੁਐ = ਚੋ ਰਿਹਾ ਹੈ (ਅੰਮਿ੍ਰਤ) ।
ਸੰਚਿ = ਇਕੱਠਾ ਕਰ ਕੇ ।
ਕਾਠੀ = ਲੱਕੜੀਆਂ ।
ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ ।੧ ।
ਉਆ ਕਉ = ਉਸ ਮਨੁੱਖ ਨੂੰ ।
ਸਹਜ = ਕੁਦਰਤੀ ਤੌਰ ਤੇ ।
ਮਤਵਾਰਾ = ਮਤਵਾਲਾ, ਮਸਤ ।
ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ ।੧।ਰਹਾਉ ।
ਸਹਜ = ਸਹਿਜ ਅਵਸਥਾ, ਅਡੋਲਤਾ ।
ਕਲਾਲਨਿ = ਸ਼ਰਾਬ ਪਿਲਾਉਣ ਵਾਲੀ ।
ਜਉ = ਜਦੋਂ ।
ਮਾਤੇ = ਮਸਤ ਹੋ ਕੇ ।
ਅਨਦਿਨੁ = ਹਰ ਰੋਜ਼ ।
ਜਾਈ = ਲੰਘਦਾ ਹੈ, ਬੀਤਦਾ ਹੈ ।੨ ।
ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ ।
ਤੌ = ਤਦੋਂ ।
ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ ।੩ ।
    
Sahib Singh
ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮਿ੍ਰਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮਿ੍ਰਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ), ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ।੧ ।
ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ ।੧।ਰਹਾਉ ।
ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ ।
ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ।੨ ।
ਹੇ ਕਬੀਰ! ਆਖ—(ਇਸ ਤ੍ਰਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ, ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ।੩।੨੭ ।
ਸ਼ਬਦ ਦਾ
ਭਾਵ:- (ਸਿਮਰਨ ਦੀ ਬਰਕਤ): ਨਾਮ ਸਿਮਰਦਿਆਂ ਸਿਮਰਦਿਆਂ ਮਨ ਮਾਇਆ ਵਿਚ ਡੋਲਣੋਂ ਹਟ ਜਾਂਦਾ ਹੈ, ਨਾਮ ਵਿਚ ਜੁੜੇ ਰਹਿਣ ਦੀ ਲਗਨ ਵਧਦੀ ਜਾਂਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਹੈ, ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਅਸਲ ਸੂਝ ਪੈ ਜਾਂਦੀ ਹੈ ।੨੭ ।

ਨੋਟ: ਸ਼ਬਦ ਦਾ ਮੁੱਖ ਭਾਵ ‘ਰਹਾਉ’ ਦੀ ਤੁਕ ਵਿਚ ਹੁੰਦਾ ਹੈ ।
ਇੱਥੇ ਕਿਹਾ ਹੈ ਕਿ ਜੋ ਮਨੁੱਖ ਸਦਾ ਨਾਮ ਸਿਮਰਦਾ ਹੈ ਉਹ ਇਕ ਐਸੀ ਦਸ਼ਾ ਵਿਚ ਅੱਪੜਦਾ ਹੈ ਜਿੱਥੇ ਉਸ ਦਾ ਮਨ ਮਾਇਆ ਵਿਚ ਡੋਲਦਾ ਨਹੀਂ ।ਇਸ ਅਵਸਥਾ ਵਿਚ ਜਿਉਂ ਜਿਉਂ ਉਹ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤਿਉਂ ਤਿਉਂ ਹੁਲਾਰਾ ਆਉਂਦਾ ਹੈ, ਮਸਤੀ ਜਿਹੀ ਚੜ੍ਹਦੀ ਹੈ ।
ਜੋਗੀ ਲੋਕ ਸ਼ਰਾਬ ਪੀ ਕੇ ਸਮਾਧੀ ਲਾਂਦੇ ਸਨ, ਪਰ ਕਬੀਰ ਜੀ ਨੇ ਉਸ ਸਾਧਨ ਦੀ ਇੱਥੇ ਨਿਖੇਧੀ ਕੀਤੀ ਹੈ; ਤੇ ਸਿਮਰਨ ਨੂੰ ਹੀ ਪ੍ਰਭੂ-ਚਰਨਾਂ ਵਿਚ ਜੁੜਨ ਦਾ ਸਭ ਤੋਂ ਉੱਚਾ ਵਸੀਲਾ ਦੱਸਿਆ ਹੈ ।
Follow us on Twitter Facebook Tumblr Reddit Instagram Youtube