ਗਉੜੀ ਕਬੀਰ ਜੀ ॥
ਜੋ ਜਨ ਲੇਹਿ ਖਸਮ ਕਾ ਨਾਉ ॥
ਤਿਨ ਕੈ ਸਦ ਬਲਿਹਾਰੈ ਜਾਉ ॥੧॥

ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥

ਜਿਹ ਘਟ ਰਾਮੁ ਰਹਿਆ ਭਰਪੂਰਿ ॥
ਤਿਨ ਕੀ ਪਗ ਪੰਕਜ ਹਮ ਧੂਰਿ ॥੨॥

ਜਾਤਿ ਜੁਲਾਹਾ ਮਤਿ ਕਾ ਧੀਰੁ ॥
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥

Sahib Singh
ਲੇਹਿ = ਲੈਂਦੇ ਹਨ ।
ਸਦ = ਸਦਾ ।
ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ ।੧ ।
ਨਿਰਮਲੁ = ਪਵਿੱਤਰ ।
ਭਾਈ = ਭਰਾ, ਵੀਰ ।
ਭਾਵੈ = ਪਿਆਰਾ ਲੱਗਦਾ ਹੈ ।੧।ਰਹਾਉ ।
ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ।
ਰਹਿਆ ਭਰਪੂਰਿ = ਨਕਾ = ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ ।
ਪਗ = ਪੈਰ ।
ਪੰਕਜ = {ਪੰਕ—ਚਿੱਕੜ ।
ਜ = ਜੰਮਿਆ ਹੋਇਆ ।
ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ ।
ਧੂਰਿ = ਧੂੜ ।੨ ।
ਧੀਰੁ = ਧੀਰਜ ਵਾਲਾ ।
ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ ।
ਰਮੈ = ਸਿਮਰਦਾ ਹੈ ।੩ ।
    
Sahib Singh
ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ।੧ ।
ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ, ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ, ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ।੨ ।
ਕਬੀਰ ਭਾਵੇਂ ਜਾਤ ਦਾ ਜੁਲਾਹ ਹੈ, ਪਰ ਮੱਤ ਦਾ ਧੀਰਜ ਵਾਲਾ ਹੈ (ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ।੩।੨੬ ।
ਸ਼ਬਦ ਦਾ
ਭਾਵ:- ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ।੨੬ ।
Follow us on Twitter Facebook Tumblr Reddit Instagram Youtube