ਗਉੜੀ ਕਬੀਰ ਜੀ ॥
ਜਾ ਕੈ ਹਰਿ ਸਾ ਠਾਕੁਰੁ ਭਾਈ ॥
ਮੁਕਤਿ ਅਨੰਤ ਪੁਕਾਰਣਿ ਜਾਈ ॥੧॥

ਅਬ ਕਹੁ ਰਾਮ ਭਰੋਸਾ ਤੋਰਾ ॥
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥

ਤੀਨਿ ਲੋਕ ਜਾ ਕੈ ਹਹਿ ਭਾਰ ॥
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥

ਕਹੁ ਕਬੀਰ ਇਕ ਬੁਧਿ ਬੀਚਾਰੀ ॥
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥

Sahib Singh
ਜਾ ਕੈ = ਜਿਸ ਦੇ ਹਿਰਦੇ = ਰੂਪ ਘਰ ਵਿਚ ।
ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ) ।
ਠਾਕੁਰੁ = ਮਾਲਿਕ ।
ਭਾਈ = ਹੇ ਵੀਰ !
ਅਨੰਤ = ਅਨੇਕਾਂ ਵਾਰੀ ।
ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ।੧ ।
ਅਬ = ਹੁਣ ।
ਕਹੁ = ਆਖ ।
ਰਾਮ = ਹੇ ਪ੍ਰਭੂ !
ਤੋਰਾ = ਤੇਰਾ ।
ਕਾਹੂ ਕਾ = ਕਿਸੇ ਹੋਰ ਦਾ ।
ਕਵਨੁ = ਕਿਹੜਾ, ਕੀਹ ?
ਨਿਹੋਰਾ = ਅਹਿਸਾਨ ।੧।ਰਹਾਉ ।
ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ ।
ਕਾਹੇ ਨ = ਕਿਉਂ ਨ ?
ਪ੍ਰਤਿਪਾਰ = ਪਾਲਣਾ ।੨ ।
ਬੁਧਿ = ਅਕਲ, ਸੋਚ ।
ਬੀਚਾਰੀ = ਵਿਚਾਰੀ ਹੈ, ਸੋਚੀ ਹੈ ।
ਜਉ = ਜੇ ਕਰ ।
ਬਿਖੁ = ਵਿਹੁ, ਜ਼ਹਿਰ ।
ਮਹਤਾਰੀ = ਮਾਂ ।
ਬਸੁ = ਵੱਸ, ਜ਼ੋਰ ।੩ ।
    
Sahib Singh
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ, ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ।੧ ।
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ—ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ।੧।ਰਹਾਉ।ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ, ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ ?
।੨ ।
ਹੇ ਕਬੀਰ! ਆਖ—ਅਸਾਂ ਇਕ ਸੋਚ ਸੋਚੀ ਹੈ (ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ।੩।੨੨ ।
ਸ਼ਬਦ ਦਾ
ਭਾਵ:- ਜਿਸ ਮਨੁੱਖ ਨੂੰ ਪ੍ਰਭੂ-ਪਿਤਾ ਉਤੇ ਪੂਰਾ ਸਿਦਕ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ।੨੨ ।
Follow us on Twitter Facebook Tumblr Reddit Instagram Youtube