ਗਉੜੀ ਕਬੀਰ ਜੀ ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥

ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥
ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥

ਮਰਨੋ ਮਰਨੁ ਕਹੈ ਸਭੁ ਕੋਈ ॥
ਸਹਜੇ ਮਰੈ ਅਮਰੁ ਹੋਇ ਸੋਈ ॥੨॥

ਕਹੁ ਕਬੀਰ ਮਨਿ ਭਇਆ ਅਨੰਦਾ ॥
ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥

Sahib Singh
ਜਿਹ ਮਰਨੈ = ਜਿਸ ਮੌਤ ਨੇ ।
ਤਰਾਸਿਆ = ਡਰਾ ਦਿੱਤਾ ਹੈ ।
ਗੁਰ ਸਬਦਿ = ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ।
ਪ੍ਰਗਾਸਿਆ = ਪਰਗਟ ਹੋ ਗਿਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ, ਮਲੂਮ ਹੋ ਗਿਆ ਹੈ ਕਿ ਅਸਲ ਵਿਚ ਇਹ ਕੀਹ ਹੈ ।੧ ।
ਮਰਉ = ਮੈਂ ਮਰਾਂ, ਜਨਮ ਮਰਨ ਵਿਚ ਪਵਾਂ ।
ਮਰਨਿ = ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤਵਿਚ, ਆਪਾ-ਭਾਵ ਦੀ ਮੌਤ ਵਿਚ ।
ਮਰਿ ਮਰਿ ਜਾਤੇ = ਸਦਾ ਮਰਦੇ-ਖਪਦੇ ਹਨ ।੧।ਰਹਾਉ ।
ਮਰਨੋ ਮਰਨੁ = ਮੌਤ ਆ ਜਾਣੀ ਹੈ, ਮਰ ਜਾਣਾ ਹੈ ।
ਸਭੁ ਕੋਈ = ਹਰੇਕ ਜੀਵ ।
ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਥਿਰ-ਚਿੱਤ ਹੋ ਕੇ ।
ਮਰੈ = ਮਰਦਾ ਹੈ, ਮਾਇਆ ਵਲੋਂ ਮਰਦਾ ਹੈ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਬੇਪਰਵਾਹ ਹੋ ਜਾਂਦਾ ਹੈ ।
ਅਮਰੁ = ਮਰਨ ਤੋਂ ਰਹਿਤ, ਸਦਾ ਜ਼ਿੰਦਾ ।
ਸੋਈ = ਉਹ ਮਨੁੱਖ ।੨ ।
ਮਨਿ = ਮਨ ਵਿਚ ।
ਭਇਆ = ਹੋਇਆ ਹੈ, ਉਪਜਿਆ ਹੈ, ਪੈਦਾ ਹੋ ਗਿਆ ਹੈ ।
ਅਨੰਦਾ = ਖ਼ੁਸ਼ੀ, ਖਿੜਾਉ ।
ਭਰਮੁ = ਭੁਲੇਖਾ, ਸ਼ੱਕ ।
ਰਹਿਆ = ਬਾਕੀ ਰਹਿ ਗਿਆ ਹੈ, ਟਿਕ ਗਿਆ ਹੈ ।
ਪਰਮਾਨੰਦਾ = ਪਰਮ ਅਨੰਦ, ਪਰਮ ਸੁਖ, ਵੱਡੀ ਤੋਂ ਵੱਡੀ ਖ਼ੁਸ਼ੀ ।੩ ।
    
Sahib Singh
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ।੧ ।
ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ ?
(ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ ।
(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ।੧।ਰਹਾਉ ।
(ਦੁਨੀਆ ਵਿਚ) ਹਰੇਕ ਜੀਵ ‘ਮੌਤ, ਮੌਤ’ ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ), (ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ।੨ ।
ਹੇ ਕਬੀਰ! ਆਖ—(ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ।੩।੨੦ ।
ਸ਼ਬਦ ਦਾ
ਭਾਵ:- ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ; ਬਾਕੀ ਸਾਰਾ ਜਹਾਨ ਮੌਤ ਤੋਂ ਡਰ ਰਿਹਾ ਹੈ ।੨੦ ।
Follow us on Twitter Facebook Tumblr Reddit Instagram Youtube