ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
ਜਮ ਤੇ ਉਲਟਿ ਭਏ ਹੈ ਰਾਮ ॥
ਦੁਖ ਬਿਨਸੇ ਸੁਖ ਕੀਓ ਬਿਸਰਾਮ ॥
ਬੈਰੀ ਉਲਟਿ ਭਏ ਹੈ ਮੀਤਾ ॥
ਸਾਕਤ ਉਲਟਿ ਸੁਜਨ ਭਏ ਚੀਤਾ ॥੧॥

ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥

ਤਨ ਮਹਿ ਹੋਤੀ ਕੋਟਿ ਉਪਾਧਿ ॥
ਉਲਟਿ ਭਈ ਸੁਖ ਸਹਜਿ ਸਮਾਧਿ ॥
ਆਪੁ ਪਛਾਨੈ ਆਪੈ ਆਪ ॥
ਰੋਗੁ ਨ ਬਿਆਪੈ ਤੀਨੌ ਤਾਪ ॥੨॥

ਅਬ ਮਨੁ ਉਲਟਿ ਸਨਾਤਨੁ ਹੂਆ ॥
ਤਬ ਜਾਨਿਆ ਜਬ ਜੀਵਤ ਮੂਆ ॥
ਕਹੁ ਕਬੀਰ ਸੁਖਿ ਸਹਜਿ ਸਮਾਵਉ ॥
ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥

Sahib Singh
ਉਲਟਿ = ਪਲਟ ਕੇ, ਬਦਲ ਕੇ ।
ਬਿਨਸੇ = ਨਾਸ ਹੋ ਗਏ ਹਨ, ਦੂਰ ਹੋ ਗਏ ਹਨ ।
ਬਿਸਰਾਮ = ਡੇਰਾ, ਟਿਕਾਣਾ ।
ਭਏ ਹੈ = ਹੋ ਗਏ ਹਨ, ਬਣ ਗਏ ਹਨ ।
ਮੀਤਾ = ਮਿੱਤਰ, ਸੱਜਣ ।
ਸਾਕਤ = ਰੱਬ ਵਲੋਂ ਟੁੱਟੇ ਹੋਏ ਜੀਵ ।
ਸੁਜਨ = ਭਲੇ, ਗੁਰਮੁਖ ।
ਚੀਤਾ = ਅੰਤਰ ਆਤਮੇ ।
ਮੋਹਿ = ਮੈਂ ।
ਕੁਸਲ = ਸੁਖ = ਸਾਂਦ, ਅਨੰਦ ।
ਜਾਨਿਆ = ਜਾਣ ਲਿਆ ।੧।ਰਹਾਉ ।
ਤਨ ਮਹਿ = ਸਰੀਰ ਵਿਚ ।
ਹੋਤੀ = ਹੁੰਦੀਆਂ ਸਨ ।
ਕੋਟਿ ਉਪਾਧਿ = ਕ੍ਰੋੜਾਂ ਬਖੇੜੇ (ਵਿਕਾਰਾਂ ਦੇ) ।
ਉਲਟਿ = ਪਲਟ ਕੇ ।
ਭਈ = ਹੋ ਗਏ ਹਨ ।
ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ, ਪ੍ਰਭੂ ਦੇ ਨਾਮ-ਰਸ ਵਿਚ ।
ਸਮਾਧਿ = ਸਮਾਧੀ ਲਾਈ ਰੱਖਣ ਦੇ ਕਾਰਨ, ਜੁੜੇ ਰਹਿਣ ਕਰਕੇ ।
ਆਪੁ = ਆਪਣੇ ਆਪ ਨੂੰ ।
ਆਪੈ ਆਪ = ਪ੍ਰਭੂ ਹੀ ਪ੍ਰਭੂ (ਦਿੱਸ ਰਿਹਾ ਹੈ) ।
ਨ ਬਿਆਪੈ = ਪੋਹ ਨਹੀਂ ਸਕਦਾ, ਆਪਣਾ ਦਬਾਅ ਨਹੀਂ ਪਾ ਸਕਦਾ ।੨ ।
ਉਲਟਿ = ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰਾਂ ਵਾਲੀ ਵਾਦੀ ਛੱਡ ਕੇ ।
ਸਨਾਤਨੁ = ਪੁਰਾਣਾ, ਪੁਰਾਤਨ, ਮੁੱਢਲਾ, ਜੋ ਇਹ ਪਹਿਲਾਂ ਪਹਿਲ ਸੀ; (ਭਾਵ, ਆਪਣੇ ਅਸਲੇ ਦਾ ਰੂਪ, ਪ੍ਰਭੂ ਦਾ ਰੂਪ) ।
ਜਾਨਿਆ = ਸਮਝ ਪਈ ਹੈ ।
ਜੀਵਤ ਮੂਆ = ਜੀਉਂਦਾ ਹੀ ਮਰ ਗਿਆ, ਦੁਨੀਆ ਵਿਚ ਵੱਸਦਾ ਹੋਇਆ ਭੀ ਦੁਨੀਆ ਵਲੋਂ ਨਿਰ-ਚਾਹ ਹੋ ਗਿਆ ਹਾਂ, ਲੀਨ ਹੋ ਗਿਆ ਹਾਂ, ਮਸਤ ਹਾਂ ।
ਡਰਉ = ਡਰਦਾ ਹਾਂ ।
ਅਵਰ = ਹੋਰਨਾਂ ਨੂੰ ।੩।੧੭ ।
    
Sahib Singh
ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ), ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ ।
ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ); ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ।੧ ।
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ; ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ।੧।ਰਹਾਉ ।
(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ; ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ ।
(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ; ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ।੨ ।
ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ; (ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ ।
ਹੇ ਕਬੀਰ! (ਹੁਣ ਬੇਸ਼ੱਕ) ਆਖ—ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ; ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ।੩।੧੭ ।
ਸ਼ਬਦ ਦਾ
ਭਾਵ:- ਜਦੋਂ ਨਾਮ ਸਿਮਰ ਸਿਮਰ ਕੇ ਪ੍ਰਭੂ ਦੇ ਚਰਨਾਂ ਵਿਚ ਜੀਵ ਦਾ ਚਿੱਤ ਜੁੜ ਜਾਏ, ਤਦੋਂ ਇਹ ਸੁਖੀ ਹੋ ਜਾਂਦਾ ਹੈ, ਮਨ ਮਾਇਆ ਦੇ ਵਿਕਾਰਾਂ ਵਲੋਂ ਹਟ ਜਾਂਦਾ ਹੈ, ਤੇ ਮਾਇਆ ਵਿਚ ਵਰਤਦਾ ਹੋਇਆ ਭੀ ਮਾਇਆ ਦੇ ਮੋਹ ਵਿਚ ਨਹੀਂ ਫਸਦਾ ।੧੭ ।

ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ ‘ਤੁਕੇ’ ਦੇ ਹੇਠ ਇਕ ਨਿੱਕਾ ਜਿਹਾ ਅੰਕ ‘੨’ ਹੈ ।
ਇਹ ਦੋਸ਼ਬਦ (ਨੰ: ੧੭ ਅਤੇ ੧੮) ਐਸੇ ਹਨ, ਜਿਨ੍ਹਾਂ ਦੇ ਹਰੇਕ ‘ਬੰਦ’ ਵਿਚ ਚਾਰ ਚਾਰ ਤੁਕਾਂ ਹਨ ।
Follow us on Twitter Facebook Tumblr Reddit Instagram Youtube