ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
ਐਸੋ ਅਚਰਜੁ ਦੇਖਿਓ ਕਬੀਰ ॥
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥

ਹਰੀ ਅੰਗੂਰੀ ਗਦਹਾ ਚਰੈ ॥
ਨਿਤ ਉਠਿ ਹਾਸੈ ਹੀਗੈ ਮਰੈ ॥੧॥

ਮਾਤਾ ਭੈਸਾ ਅੰਮੁਹਾ ਜਾਇ ॥
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥

ਕਹੁ ਕਬੀਰ ਪਰਗਟੁ ਭਈ ਖੇਡ ॥
ਲੇਲੇ ਕਉ ਚੂਘੈ ਨਿਤ ਭੇਡ ॥੩॥

ਰਾਮ ਰਮਤ ਮਤਿ ਪਰਗਟੀ ਆਈ ॥
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥

Sahib Singh
ਨੋਟ: = ਇਸ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ ਤੇ ਕੁਦਰਤੀ ਤੌਰ ਤੇ ਉਹ ਅਖ਼ੀਰਲਾ ਬੰਦ ਹੀ ਹੋ ਸਕਦਾ ਹੈ ਤੀਜੇ ਬੰਦ ਵਿਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ ।
    ਸ਼ੁਰੂ ਵਿਚ ਲਿਖਦੇ ਹਨ ਕਿ ਜਗਤ ਵਿਚ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ—ਜੀਵ, ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ (ਭਾਵ, ਵਿਅਰਥ ਤੇ ਉਲਟਾ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ) ।
    ਲਾਭ ਵਾਲਾ ਕੰਮ ਤਾਂ ਇਹ ਹੈ ਜਿਵੇਂ ਸਿਖ ਰੋਜ਼ ਅਰਦਾਸ ਕਰਦਾ ਹੈ—‘ਮਨ ਨੀਵਾਂ, ਮੱਤ ਉੱਚੀ, ਮੱਤ ਕਾ ਰਾਖਾ ਵਾਹਿਗੁਰੂ’, ਭਾਵ,ਵਾਹਿਗੁਰੂ ਦੇ ਸਿਮਰਨ ਵਿਚ ਜੁੜੀ ਰਹੇ ਬੁੱਧੀ, ਤੇ ਇਹੋ ਜਿਹੀ ਬੁੱਧੀ ਦੇ ਅਧੀਨ ਰਹੇ ਮਨ ।
    ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿਚ ਉਲਟੀ ਖੇਡ ਹੋ ਰਹੀ ਹੈ ।
    ਬੁਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ ।
    ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ ।
    ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੈ ਤੇ ਹੋਰਨਾਂ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ ।
    ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜਨ ਸਾਹਿਬ ਨੇ ਅਖ਼ੀਰਲਾ ਬੰਦ ਨੰ: ੪ ਆਪਣੇ ਵਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ ।
    ਅੰਕ ੪ ਦੇ ਅੱਗੇ ਅੰਕ ਨੰ: ੧ ਭੀ ਇਸ ਸ਼ਬਦ ਦਾ ਅਨੋਖਾ-ਪਨ ਦੱਸਣ ਵਾਸਤੇ ਹੀ ਹੈ ।
    ਇਹਨਾਂ ੩੫ ਸ਼ਬਦਾਂ ਵਿਚ ਸਿਰਫ਼ ਇਹੀ ਸ਼ਬਦ ਹੈ ਜਿਸ ਵਿਚ ਉਪਰ ਲਿਖੀ ਇਹ ਅਨੋਖੀ ਗੱਲ ਆਈ ਹੈ ।
    ਇਸ ਸ਼ਬਦ ਦੇ ਇਸ ਅਨੋਖੇ ਸਿਰਲੇਖ ਤੋਂ ਇਕ ਗੱਲ ਹੋਰ ਭੀ ਸਾਫ਼ ਹੋ ਗਈ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ‘ਬੀੜ’ ਵਿਚ ਦਰਜ ਕਰਾਈ ਸੀ ।
ਅਚਰਜੁ = ਅਨੋਖਾ ਕੌਤਕ, ਅਜੀਬ ਤਮਾਸ਼ਾ ।
ਦਧਿ = ਦਹੀਂ ।
ਭੋਲੈ = ਭੁਲੇਖੇ ।
ਬਿਰੋਲੈ = ਰਿੜਕ ਰਿਹਾ ਹੈ ।
ਨੀਰੁ = ਪਾਣੀ ।੧।ਰਹਾਉ ।
ਗਦਹਾ = ਖੋਤਾ, ਮੂਰਖ ਮਨ ।
ਹਰੀ ਅੰਗੂਰੀ = ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ ।
ਚਰੈ = ਚੁਗਦਾ ਹੈ, ਮਾਣਦਾ ਹੈ ।
ਉਠਿ = ਉਠ ਕੇ ।
ਹਾਸੈ = ਹੱਸਦਾ ਹੈ ।
ਮਰੈ = (ਜੰਮਦਾ) ਮਰਦਾ ਹੈ ।੧ ।
ਮਾਤਾ = ਮਸਤਿਆ ਹੋਇਆ ।
ਭੈਸਾ = ਸੰਢਾ ।
ਅੰਮੁਹਾ = ਅਮੋੜ ।
ਅੰਮੁਹਾ = ਜਾਇ—ਅਮੋੜ = ਪੁਣਾ ਕਰਦਾ ਹੈ ।
ਰਸਾਤਲਿ = ਨਰਕ ਵਿਚ ।
ਪਾਇ = ਪੈਂਦਾ ਹੈ ।੨ ।
ਪਰਗਟੁ ਭਈ = ਸਮਝ ਵਿਚ ਆ ਗਈ ਹੈ ।
ਲੇਲਾ = (ਭਾਵ) ਮਨ ।
ਭੇਡ = (ਭਾਵ) ਮੱਤ, ਬੁੱਧੀ ।੩ ।
ਰਾਮ ਰਮਤ = ਪ੍ਰਭੂ ਨੂੰ ਸਿਮਰਦਿਆਂ ।
ਮਤਿ = ਬੁੱਧੀ ।
ਪਰਗਟੀ ਆਈ = ਜਾਗ ਪਈ ਹੈ ।
ਗੁਰਿ = ਗੁਰੂ ਨੇ ।੪ ।
    
Sahib Singh
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ।੧।ਰਹਾਉ ।
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ, ਇਸੇ ਤ੍ਰਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ।੧ ।
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ, ਕੁੱਟਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ।੨ ।
ਹੇ ਕਬੀਰ! ਆਖ—(ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ (ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ।੩ ।
(ਇਹ ਸਮਝ ਕਿਸ ਨੇ ਪਾਈ ਹੈ?) ਹੇ ਕਬੀਰ ਆਖ—ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ, (ਜਿਸ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ) ।੪।੧।੧੪।ਸ਼ਬਦ ਦਾ
ਭਾਵ:- ਜਦ ਤਾਈਂ ਮਨੁੱਖ ਗੁਰੂ ਤੋਂ ਬੇਮੁਖ ਹੈ ਤੇ ਨਾਮ ਨਹੀਂ ਜਪਦਾ, ਤਦ ਤਕ ਇਸ ਦੀ ਅਕਲ ਭਿ੍ਰਸ਼ਟੀ ਰਹਿੰਦੀ ਹੈ, ਵਿਕਾਰੀ ਮਨ ਦੇ ਪਿਛੇ ਲਗੀ ਫਿਰਦੀ ਹੈ ।
ਗੁਰੂ ਦੀ ਮਿਹਰ ਨਾਲ ਨਾਮ ਜਪੀਏ ਤਾਂ ਬੁੱਧੀ ਮਨ ਦੇ ਪਿਛੇ ਤੁਰਨੋਂ ਹਟ ਜਾਂਦੀ ਹੈ ।੧੪ ।
Follow us on Twitter Facebook Tumblr Reddit Instagram Youtube