ਗਉੜੀ ਕਬੀਰ ਜੀ ॥
ਅਵਰ ਮੂਏ ਕਿਆ ਸੋਗੁ ਕਰੀਜੈ ॥
ਤਉ ਕੀਜੈ ਜਉ ਆਪਨ ਜੀਜੈ ॥੧॥

ਮੈ ਨ ਮਰਉ ਮਰਿਬੋ ਸੰਸਾਰਾ ॥
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥

ਇਆ ਦੇਹੀ ਪਰਮਲ ਮਹਕੰਦਾ ॥
ਤਾ ਸੁਖ ਬਿਸਰੇ ਪਰਮਾਨੰਦਾ ॥੨॥

ਕੂਅਟਾ ਏਕੁ ਪੰਚ ਪਨਿਹਾਰੀ ॥
ਟੂਟੀ ਲਾਜੁ ਭਰੈ ਮਤਿ ਹਾਰੀ ॥੩॥

ਕਹੁ ਕਬੀਰ ਇਕ ਬੁਧਿ ਬੀਚਾਰੀ ॥
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥

Sahib Singh
ਅਵਰ = ਹੋਰ ।
ਕਰੀਜੈ = ਕਰੀਏ, ਕਰਨਾ ਚਾਹੀਦਾ ਹੈ ।
ਜੀਜੈ = ਜੀਉਂਦੇ ਰਹਿਣਾ ਹੋਵੇ ।੧ ।
ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ ।
ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ) ।
ਮੋਹਿ = ਮੈਨੂੰ ।
ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ ।
ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ।੧।ਰਹਾਉ ।
ਇਆ ਦੇਹੀ = ਇਸ ਸਰੀਰ ਨੂੰ ।
ਪਰਮਲ = ਖ਼ੁਸ਼ਬੋਆਂ ।
ਮਹਕੰਦਾ = ਮਹਿਕਾਉਂਦਾ ਹੈ ।
ਤਾ ਸੁਖ = ਇਹਨਾਂ ਸੁਖਾਂ ਵਿਚ ।
ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ।
ਕੂਅਟਾ = {ਕੂਪ+ਟਾ ।
    ਸੰਸਕ੍ਰਿਤ ਲਫ਼ਜ਼ ‘ਕੂਪ’ ਤੋਂ ‘ਕੂਆ’ ਪ੍ਰਾਕਿ੍ਰਤ-ਰੂਪ ਹੈ; ‘ਟਾ’ ਵਰਤਿਆਂ ‘ਅਲਪਾਰਥਕ’ ਨਾਂਵ ਬਣਾਇਆ ਹੈ, ਜਿਵੇਂ ‘ਚਮਾਰ’ ਤੋਂ ‘ਚਮਰੱਟਾ’} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ ।
ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ ।
ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ ।
ਭਰੈ = ਭਰ ਰਹੀ ਹੈ ਪਾਣੀ ।
ਲਾਜੁ = ਲੱਜ{ਇਹ ਲਫ਼ਜ਼ ਆਮ ਤੌਰ ਤੇ ੁ ਅੰਤ ਵਰਤੀਦਾ ਹੈ ।
    ਸੰਸਕ੍ਰਿਤ ਲਫ਼ਜ਼ (ਰਖ਼ਜੁ) ‘ਰੱਜੁ’ ਤੋਂ ਬਣਿਆ ਹੈ ਜਿਸ ਦੇ ਅੰਤ ਵਿਚ ੁ ਹੈ ।
    ਪਿਛਲੇ ਸ਼ਬਦ ਵਿਚ ਦਾ ਲਫ਼ਜ਼ ‘ਲਾਜ’ ਮੁਕਤਾ-ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (ਲਖ਼ਜਾ) ਤੋਂ ‘ਲੱਜਾ’ ਤੋਂ ਬਣਿਆ ਹੈ} ।
ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ) ।
    ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ।੩।ਨੋਟ:- ਸਰੀਰ ਦਾ ਮੋਹ ਖੂਹੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੀ ਹੋਈ ਬੁੱਧੀ ਪਾਣੀ ਭਰਨ ਵਾਲੀ ਹੈ, ਇੰਦਰੇ ਚਰੱਖੜੀਆਂ ਦਾ ਕੰਮ ਦੇ ਰਹੇ ਹਨ, ਪਰ ਲੱਜ ਕੋਈ ਨਹੀਂ ਹੈ ।
    ਜਿਵੇਂ, ਕੋਈ ਇਸਤ੍ਰੀ ਖੂਹੀ ਤੋਂ ਪਾਣੀ ਭਰਨ ਜਾਏ, ਚਰੱਖੜੀ ਭੀ ਖੂਹੀ ਤੇ ਲੱਗੀ ਹੋਈ ਹੋਵੇ, ਪਰ ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ, ਉਸ ਦਾ ਜਤਨ ਵਿਅਰਥ ਹੁੰਦਾ ਹੈ ।
    ਤਿਵੇਂ ਦੁਰਮਤ ਇਹਨਾਂ ਇੰਦਿ੍ਰਆਂ ਦੀ ਰਾਹੀਂ ਇਸ ਸਰੀਰ ਵਿਚੋਂ ਵਿਸ਼ੇ-ਵਿਕਾਰਾਂ ਦਾ ਆਨੰਦ ਲੈਣ ਦਾ ਵਿਅਰਥ ਹੀ ਜਤਨ ਕਰਦੀ ਹੈ ।
    ਜਦ ਤਾਈਂ ਸਰੀਰ ਦੇ ਮੋਹ ਵਿਚ ਜੀਵ ਲੱਗਾ ਹੋਇਆ ਹੈ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ ।
    
Sahib Singh
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ ?
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ।੧ ।
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ ।
ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ ।
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ।੧।ਰਹਾਉ ।
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ; ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ।੨ ।
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ, ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦਿ੍ਰਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ।੩ ।
ਹੇ ਕਬੀਰ! ਆਖ—(ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ), ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ।੪।੧੨ ।
ਸ਼ਬਦ ਦਾ
ਭਾਵ:- ਜਿਸ ਮਨੁੱਖ ਨੂੰ ਜ਼ਿੰਦਗੀ-ਦਾਤਾ ਪ੍ਰਭੂ ਮਿਲ ਪਏ ਉਹ ਵਿਸ਼ੇ ਵਿਕਾਰਾਂ ਦਾ ਸੁਖ ਮਾਣਨ ਵਿਚ ਲੱਗ ਕੇ ਪ੍ਰਭੂ ਵਲੋਂ ਮੁਰਦਾ ਨਹੀਂ ਹੁੰਦਾ ।
ਮੁਰਦਾ ਉਹੀ ਹੈ ਜੋ ਰੱਬ ਤੋਂ ਵਿੱਛੜਿਆ ਹੋਇਆ ਹੈ ।੧੨ ।
Follow us on Twitter Facebook Tumblr Reddit Instagram Youtube