ਗਉੜੀ ਕਬੀਰ ਜੀ ॥
ਉਪਜੈ ਨਿਪਜੈ ਨਿਪਜਿ ਸਮਾਈ ॥
ਨੈਨਹ ਦੇਖਤ ਇਹੁ ਜਗੁ ਜਾਈ ॥੧॥

ਲਾਜ ਨ ਮਰਹੁ ਕਹਹੁ ਘਰੁ ਮੇਰਾ ॥
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥

ਅਨਿਕ ਜਤਨ ਕਰਿ ਕਾਇਆ ਪਾਲੀ ॥
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥

ਚੋਆ ਚੰਦਨੁ ਮਰਦਨ ਅੰਗਾ ॥
ਸੋ ਤਨੁ ਜਲੈ ਕਾਠ ਕੈ ਸੰਗਾ ॥੩॥

ਕਹੁ ਕਬੀਰ ਸੁਨਹੁ ਰੇ ਗੁਨੀਆ ॥
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥

Sahib Singh
ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ ।
ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ ।
ਨਿਪਜਿ = ਬਣ ਕੇ, ਵਜੂਦ ਵਿਚ ਆ ਕੇ ।
ਸਮਾਈ = ਨਾਸ ਹੋ ਜਾਂਦਾ ਹੈ ।
ਨੈਨਹੁ ਦੇਖਤ = ਅੱਖੀਂ ਵੇਖਦਿਆਂ ।
ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ ।੧ ।
ਲਾਜ = ਸ਼ਰਮ ।
ਕਹਹੁ = ਤੁਸੀ ਆਖਦੇ ਹੋ ।
ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ ।੧।ਰਹਾਉ ।
ਕਾਇਆ = ਸਰੀਰ ।
ਮਰਤੀ ਬਾਰ = ਮਰਨ ਵੇਲੇ ।
ਜਾਲੀ = ਸਾੜੀਦੀ ਹੈ ।੨ ।
ਚੋਆ = ਅਤਰ ।
ਮਰਦਨ = ਮਾਲਸ਼ ।
ਅੰਗਾ = ਸਰੀਰ ਦੇ ਅੰਗਾਂ ਨੂੰ ।
ਜਲੈ = ਸੜ ਜਾਂਦਾ ਹੈ ।
ਕਾਠ ਕੈ ਸੰਗਾ = ਲੱਕੜਾਂ ਨਾਲ ।੩ ।
ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ !
ਬਿਨਸੈਗੋ = ਨਾਸ ਜੋ ਜਾਇਗਾ ।੪।੧੧ ।
    
Sahib Singh
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ ।
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤ੍ਰਹਾਂ) ਤੁਰਿਆ ਜਾ ਰਿਹਾ ਹੈ ।੧ ।
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ ?
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂਰਹੇਗੀ ।੧।ਰਹਾਉ ।
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ; ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ।੨ ।
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ, ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ।੩ ।
ਹੇ ਕਬੀਰ! ਆਖ—ਹੇ ਵਿਚਾਰਨ ਮਨੁੱਖ! ਚੇਤੇ ਰੱਖ; ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ।੪।੧੧ ।
ਸ਼ਬਦ ਦਾ
ਭਾਵ:- ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ; ਹੋਰ ਤਾਂ ਹੋਰ, ਇਹ ਸਰੀਰ ਭੀ ਇੱਥੇ ਹੀ ਨਾਸ ਹੋ ਜਾਂਦਾ ਹੈ ।
ਤਾਂ ਤੇ, ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ ਮੋਹ ਵਿਚ ਫਸਣਾ ਨਹੀਂ ਚਾਹੀਦਾ ।੧੧ ।

ਨੋਟ: ਸਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ, ਕਬੀਰ ਜੀ ਆਖਦੇ ਹਨ ਕਿ ਮਰਨ ਤੇ ਸਰੀਰ ਸਾੜ ਦੇਈਦਾ ਹੈ ।
ਸਰੀਰ ਨੂੰ ਸਾੜਨ ਸੰਬੰਧੀ ਇਹ ਸੁਭਾਵਿਕ ਬਚਨ ਜ਼ਾਹਰ ਕਰਦੇ ਹਨ ਕਿ ਕਬੀਰ ਜੀ ਹਿੰਦੂ ਘਰ ਵਿਚ ਜੰਮੇ-ਪਲੇ ਸਨ, ਮੁਸਲਮਾਨ ਨਹੀਂ ਸਨ ।
ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਉਹ ਹਰ ਥਾਂ ਮੁਸਲਮਾਨੀ ਬੋਲੀ ਹੀ ਵਰਤਦੇ ਹਨ, ਕਿਉਂਕਿ ਉਹ ਮੁਸਲਮਾਨ ਸਨ ।
Follow us on Twitter Facebook Tumblr Reddit Instagram Youtube