ਗਉੜੀ ਕਬੀਰ ਜੀ ॥
ਜੋ ਜਨ ਪਰਮਿਤਿ ਪਰਮਨੁ ਜਾਨਾ ॥
ਬਾਤਨ ਹੀ ਬੈਕੁੰਠ ਸਮਾਨਾ ॥੧॥

ਨਾ ਜਾਨਾ ਬੈਕੁੰਠ ਕਹਾ ਹੀ ॥
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥

ਕਹਨ ਕਹਾਵਨ ਨਹ ਪਤੀਅਈ ਹੈ ॥
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥

ਜਬ ਲਗੁ ਮਨਿ ਬੈਕੁੰਠ ਕੀ ਆਸ ॥
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥

ਕਹੁ ਕਬੀਰ ਇਹ ਕਹੀਐ ਕਾਹਿ ॥
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥

Sahib Singh
ਜੋ ਜਨ = ਜਿਹੜੇ ਮਨੁੱਖ ।
ਪਰਮਿਤਿ = {ਮਿਤਿ—ਅੰਦਾਜ਼ਾ, ਮਿਣਤੀ, ਹੱਦ-ਬੰਨਾ} ਜੋ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ ।
ਪਰਮਨੁ = ਜੋ ਮਨੁ ਦੀ ਕਲਪਣਾ ਤੋਂ ਪਰੇ ਹੈ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿਚ ਨਹੀਂ ਆ ਸਕਦਾ ।
ਜਾਨਾ = ਜਾਣ ਲਿਆ ਹੈ ।
ਬਾਤਨ ਹੀ = ਨਿਰੀਆਂ ਗੱਲਾਂ ਨਾਲ ਹੀ ।
ਸਮਾਨਾ = ਸਮਾਏ ਹਨ, ਅੱਪੜੇ ਹਨ ।੧ ।
ਨਾ ਜਾਨਾ = ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ ।
ਕਹਾ ਹੀ = ਕਿਥੇ ਹੈ ?
ਜਾਨੁ ਜਾਨੁ = ਚੱਲਣਾ ਹੈ, ਚੱਲਣਾ ਹੈ ।
ਤਹਾ ਹੀ = ਓਥੇ ।੧।ਰਹਾਉ ।
ਕਹਨ ਕਹਾਵਨ = ਆਖਣ ਅਖਾਉਣ ਨਾਲ, ਆਖਣ ਸੁਣਨ ਨਾਲ ।
ਪਤੀਅਈ ਹੈ = ਪਤੀਜ ਸਕੀਦਾ, ਤਸੱਲੀ ਹੋ ਸਕਦੀ, ਪਰਚ ਸਕੀਦਾ ।
ਤਉ = ਤਦੋਂ ਹੀ ।
ਮਾਨੈ = ਮੰਨਦਾ ਹੈ, ਪਤੀਜਦਾ ਹੈ ।
ਜਾ ਤੇ = ਜਦੋਂ ।
ਜਈ ਹੈ = ਦੂਰ ਹੋ ਜਾਏ ।੨ ।
ਮਨਿ = ਮਨ ਵਿਚ ।
ਚਰਨ ਨਿਵਾਸੁ = (ਪ੍ਰਭੂ ਦੇ) ਚਰਨਾਂ ਵਿਚ ਨਿਵਾਸ ।੩ ।
ਕਾਹਿ = ਕਿਵੇਂ ?
ਕਹੀਐ = ਸਮਝਾ ਕੇ ਦੱਸੀਏ ।
ਆਹਿ = ਹੈ ।੪।੧੦ ।
    
Sahib Singh
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰੰਠ ਅਸਲ ਵਿਚ ਡਿੱਠਾ ਨਹੀਂ ਹੈ) ।੧ ।
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ, ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ।੧।ਰਾਹਉ ।
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ; ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ।੨ ।
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ, ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ।੩ ।
ਹੇ ਕਬੀਰ! ਆਖ—ਇਹ ਗੱਲ ਕਿਵੇਂ ਸਮਝਾ ਕੇ ਦੱਸੀਏ (ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ।੪।੧੦ ।

ਭਾਵ:- ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਸਕਦਾ ਹੈ ।੧੦ ।
Follow us on Twitter Facebook Tumblr Reddit Instagram Youtube