ਗਉੜੀ ਕਬੀਰ ਜੀ ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥੨॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ਹਮ ਕਤ ਲੋਹੂ ਤੁਮ ਕਤ ਦੂਧ ॥੩॥

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

Sahib Singh
ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ ।
ਜਾਤੀ = ਜਾਣੀ (ਕਿਸੇ ਨੇ ਭੀ) ।
ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼ ।
ਬਿੰਦੁ ਤੇ = ਬਿੰਦ ਤੋਂ {ਨੋਟ:- ਲਫ਼ਜ਼ ‘ਬਿੰਦੁ’ ਸਦਾ ੁ ਅੰਤ ਰਹਿੰਦਾ ਹੈ, ‘ਸੰਬੰਧਕ’ (ਫਰੲਪੋਸਟਿੋਿਨ) ਦੇ ਨਾਲ ਭੀ ਇਹ ( ੁ ) ਕਾਇਮ ਰਹਿੰਦਾ ਹੈ} ।
ਉਤਪਾਤੀ = ਉਤਪੱਤੀ, ਹੋਂਦ, ਜਨਮ ।੧ ।
ਕਹੁ = ਦੱਸ ।
ਰੇ = ਹੇ !
ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?) ।
ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ) ।
ਮਤ ਖੋਏ = ਨਾਹ ਗਵਾਓ ।੧।ਰਹਾਉ ।
ਜੌ = ਜੇਕਰ ।
ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ ।
ਤਉ = ਤਾਂ ।
ਆਨ ਬਾਟ = (ਕਿਸੇ) ਹੋਰ ਰਾਹੇ ।
ਕਾਹੇ = ਕਿਉਂ ?
ਆਇਆ = ਜੰਮ ਪਿਆ ।੨ ।
ਕਤ = ਕਿਵੇਂ ?
ਹਮ = ਅਸੀ ।
ਸੂਦ = ਸ਼ੂਦਰ, ਨੀਵੀਂ ਜਾਤ ਦੇ ।
ਹਮ = ਅਸਾਡੇ (ਸਰੀਰ ਵਿਚ) ।੩ ।
ਜੋ = ਜੋ ਮਨੁੱਖ ।
ਬ੍ਰਹਮੁ = ਪਰਮਾਤਮਾ ਨੂੰ ।
ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ ।
ਸੋ = ਉਹ ਮਨੁੱਖ ।
ਕਹੀਅਤੁ ਹੈ = ਆਖੀਦਾ ਹੈ ।
ਹਮਾਰੈ = ਅਸਾਡੇ ਮਤ ਵਿਚ ।੪।੭ ।
    
Sahib Singh
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।੧ ।
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ ?
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ।੧।ਰਹਾਉ।ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ ?
।੨ ।
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ) ?
ਅਸੀ ਕਿਵੇਂ ਸ਼ੂਦਰ (ਰਹਿ ਗਏ) ?
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ ?
ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ ?
।੨ ।
ਹੇ ਕਬੀਰ! ਆਖ—ਅਸੀ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ।੪।੭ ।

ਭਾਵ:- ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਹਨ ।
ਸਾਰੇ ਜੀਵ ਪਰਮਾਤਮਾ ਦੀ ਅੰਸ਼ ਹਨ ।
ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ ।੭ ।
Follow us on Twitter Facebook Tumblr Reddit Instagram Youtube