ਗਉੜੀ ਕਬੀਰ ਜੀ ॥
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
ਜਿਉ ਭਏ ਦਾਦੁਰ ਪਾਨੀ ਮਾਹੀ ॥੧॥

ਜਉ ਪੈ ਰਾਮ ਰਾਮ ਰਤਿ ਨਾਹੀ ॥
ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥

ਕਾਇਆ ਰਤਿ ਬਹੁ ਰੂਪ ਰਚਾਹੀ ॥
ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥

ਚਾਰਿ ਚਰਨ ਕਹਹਿ ਬਹੁ ਆਗਰ ॥
ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥

ਕਹੁ ਕਬੀਰ ਬਹੁ ਕਾਇ ਕਰੀਜੈ ॥
ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥

Sahib Singh
ਸੰਧਿਆ = ਸ਼ਾਮ ਵੇਲੇ ।
ਪ੍ਰਾਤ = ਸਵੇਰੇ ।
ਕਰਾਹੀ = ਕਰਹੀ, ਕਰਦੇ ਹਨ ।
ਭਏ = ਹੁੰਦੇ ਹਨ ।
ਦਾਦੁਰ = ਡੱਡੂ ।
ਮਾਹੀ = ਵਿਚ ।੧ ।
ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: ‘ਜਉ ਪੈ ਹਮ ਨ ਪਾਪ ਕਰੰਤਾ’} ।
ਰਤਿ = ਪਿਆਰ ।
ਤੇ ਸਭ = ਉਹ ਸਾਰੇ (ਜੀਵ) ।
ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ ।੧।ਰਹਾਉ ।
ਕਾਇਆ = ਸਰੀਰ ।
ਰਤਿ = ਮੋਹ, ਪਿਆਰ ।
ਬਹੁ ਰੂਪ = ਕਈ ਭੇਖ ।
ਰਚਾਹੀ = ਰਚਦੇ ਹਨ, ਬਣਾਉਂਦੇ ਹਨ ।
ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ ।
ਦਇਆ = ਤਰਸ ।੨ ।
ਚਾਰਿ ਚਰਨ = ਚਾਰ ਵੇਦ ।
ਕਹਹਿ = ਉਚਾਰਦੇ ਹਨ, ਪੜ੍ਹਦੇ ਹਨ ।
ਬਹੁ = ਬਹੁਤੇ ।
ਆਗਰ = ਸਿਆਣੇ ਮਨੁੱਖ ।
ਸਾਧੂ = ਸੰਤ ਜਨ ।
ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ ।੩ ।
ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ ?
    ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ।
ਸਰਬਸੁ = (ਸਵLÔਵ) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ ।
ਛੋਡਿ = ਛੱਡ ਕੇ ।
ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ ।
ਪੀਜੈ = ਪੀਵੀਏ ।੪।੫ ।
    
Sahib Singh
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ (ਤੇ ਸਮਝਦੇ ਹਨ ਕਿ ਅਸੀ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ।੧ ।
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ।੧।ਰਹਾਉ ।
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ; ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ।੨ ।
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?) ।
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ।੩ ।
ਹੇ ਕਬੀਰ! ਆਖ—ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇਨਾਮ ਦਾ ਰਸ ਪੀਣਾ ਚਾਹੀਦਾ ਹੈ ।੪।੫ ।

ਭਾਵ:- ਤੀਰਥਾਂ ਦੇ ਇਸ਼ਨਾਨ, ਕਈ ਤ੍ਰਹਾਂ ਦੇ ਭੇਖ, ਵੇਦ ਆਦਿਕ ਧਰਮ ਪੁਸਤਕਾਂ ਦੇ ਨਿਰੇ ਪਾਠ—ਅਜਿਹਾ ਕੋਈ ਕਰਮ ਭੀ ਸੱਚਾ ਸੁਖ ਨਹੀਂ ਦੇ ਸਕਦਾ ।
ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪੈਣਾ ਹੈ ।
ਉੱਦਮਾਂ ਦੇ ਸਿਰ ਉੱਦਮ ਇਹੀ ਹੈ ਕਿ ਮੋਹ ਤਿਆਗ ਕੇ ਪ੍ਰਭੂ ਦਾ ਸਿਮਰਨ ਕਰੀਏ ।੫ ।
Follow us on Twitter Facebook Tumblr Reddit Instagram Youtube