ਗਉੜੀ ਕਬੀਰ ਜੀ ॥
ਨਗਨ ਫਿਰਤ ਜੌ ਪਾਈਐ ਜੋਗੁ ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥

ਕਿਆ ਨਾਗੇ ਕਿਆ ਬਾਧੇ ਚਾਮ ॥
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥

ਮੂਡ ਮੁੰਡਾਏ ਜੌ ਸਿਧਿ ਪਾਈ ॥
ਮੁਕਤੀ ਭੇਡ ਨ ਗਈਆ ਕਾਈ ॥੨॥

ਬਿੰਦੁ ਰਾਖਿ ਜੌ ਤਰੀਐ ਭਾਈ ॥
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥

ਕਹੁ ਕਬੀਰ ਸੁਨਹੁ ਨਰ ਭਾਈ ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥

Sahib Singh
ਨਗਨ ਫਿਰਤ = ਨੰਗੇ ਫਿਰਦਿਆਂ ।
ਜੌ = ਜੇ ਕਰ ।
ਜੋਗੁ = (ਪਰਮਾਤਮਾ ਨਾਲ) ਮਿਲਾਪ ।
ਸਭੁ ਮਿਰਗੁ = ਹਰੇਕ ਪਸ਼ੂ (ਹਰਨ ਆਦਿਕ) ।
ਬਨ = ਜੰਗਲ ।
ਹੋਗੁ = ਹੋ ਜਾਇਗਾ ।੧ ।
ਬਾਧੇ ਚਾਮ = (ਮਿ੍ਰਗ ਸ਼ਾਲਾ ਆਦਿਕ) ਚੰਮ (ਸਰੀਰ ਤੇ) ਪਹਿਨਿਆਂ ।
ਕਿਆ = ਕੀਹ ਲਾਭ ਹੋ ਸਕਦਾ ਹੈ ?
ਨਹੀ ਚੀਨਸਿ = ਤੂੰ ਨਹੀਂ ਪਛਾਣ ਕਰਦਾ ।
ਆਤਮ ਰਾਮ = ਪਰਮਾਤਮਾ ।੧।ਰਹਾਉ ।
ਮੂੰਡ = ਸਿਰ ।
ਜੌ = ਜੇਕਰ ।
ਕਾਈ = ਕੋਈ ।
ਸਿਧਿ = ਸਫਲਤਾ ।੨ ।
ਬਿੰਦੁ = ਵੀਰਜ ।
ਰਾਖਿ = ਰੱਖ ਕੇ, ਸਾਂਭ ਕੇ ।
ਬਿੰਦੁ ਰਾਖਿ = ਵੀਰਜ ਸਾਂਭਿਆਂ, ਬਾਲ-ਜਤੀ ਰਿਹਾਂ {ਨੋਟ:- ਲਫ਼ਜ਼ ‘ਬਿੰਦੁ’ ਸਦਾ ੁ ਅੰਤ ਹੈ, ਉਂਞ ਇਹ ਇਸਤ੍ਰੀ-ਲਿੰਗ ਹੈ} ।
ਭਾਈ = ਹੇ ਭਾਈ !
    ਹੇ ਸੱਜਣ !
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ, ਮੁਕਤੀ ।੩ ।
ਨਰ ਭਾਈ = ਹੇ ਭਰਾਵੋ !
ਕਿਨਿ = ਕਿਸ ਨੇ ?
    (ਭਾਵ, ਕਿਸੇ ਨੇ ਨਹੀਂ) ।੪।੪ ।
    
Sahib Singh
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ।੧ ।
(ਹੇ ਭਾਈ!) ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ, ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ ?
।੧।ਰਹਾਉ ।
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ (ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ।੨ ।
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ ?
।੩।ਹੇ ਕਬੀਰ! (ਬੇ-ਸ਼ੱਕ) ਆਖ—ਹੇ ਭਰਾਵੋ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ।੪।੪ ।
ਸ਼ਬਦ ਦਾ
ਭਾਵ:- ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ—ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ ।
ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰ ਸਕਦਾ ਹੈ ।੪ ।
Follow us on Twitter Facebook Tumblr Reddit Instagram Youtube