ਗਉੜੀ ਕਬੀਰ ਜੀ ॥
ਜਬ ਹਮ ਏਕੋ ਏਕੁ ਕਰਿ ਜਾਨਿਆ ॥
ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥

ਹਮ ਅਪਤਹ ਅਪੁਨੀ ਪਤਿ ਖੋਈ ॥
ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥

ਹਮ ਮੰਦੇ ਮੰਦੇ ਮਨ ਮਾਹੀ ॥
ਸਾਝ ਪਾਤਿ ਕਾਹੂ ਸਿਉ ਨਾਹੀ ॥੨॥

ਪਤਿ ਅਪਤਿ ਤਾ ਕੀ ਨਹੀ ਲਾਜ ॥
ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥

ਕਹੁ ਕਬੀਰ ਪਤਿ ਹਰਿ ਪਰਵਾਨੁ ॥
ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥

Sahib Singh
ਹਮ = ਅਸਾਂ ।
ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ ।
ਜਾਨਿਆ = ਸਮਝਿਆ ਹੈ ।
ਲੋਗਹੁ = ਲੋਕਾਂ ਨੇ ।
ਕਾਹੇ = ਕਿਉਂ ?
ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ ।੧ ।
ਅਪਤਹ = ਬੇ = ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ ।
ਖੋਈ = ਗਵਾ ਲਈ ਹੈ ।
ਖੋਜਿ = ਖੋਜ ਤੇ, ਪਿੱਛੇ, ਰਾਹ ਤੇ ।
ਮਤਿ ਪਰਹੁ = ਨਾਹ ਤੁਰੋ ।੧।ਰਹਾਉ ।
ਮਾਹੀ = ਵਿਚ ।
ਮੰਦੇ = ਭੈੜੇ ।
ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ ।
ਕਾਹੂ ਸਿਉ = ਕਿਸੇ ਨਾਲ ।੨ ।
ਪਤਿ ਅਪਤਿ = ਆਦਰ ਨਿਰਾਦਰੀ ।
ਲਾਜ = ਪਰਵਾਹ ।
ਜਾਨਹੁਗੇ = ਤੁਹਾਨੂੰ ਸਮਝ ਆਵੇਗੀ ।
ਪਾਜ = ਵਿਖਾਵਾ ।੩ ।
ਪਤਿ = (ਅਸਲ) ਇੱਜ਼ਤ ।
ਪਰਵਾਨੁ = ਕਬੂਲ ।
ਤਿਆਗਿ = ਛੱਡ ਕੇ ।
ਭਜੁ = ਸਿਮਰ ।੪।੩ ।
    
Sahib Singh
ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ, ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ।੧ ।
ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ ।
(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖਿ਼ਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ।੧।ਰਹਾਉ ।
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?); ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ।੨ ।
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ; ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾਉੱਘੜ ਜਾਇਗਾ ।੩ ।
ਹੇ ਕਬੀਰ! ਆਖ—(ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ ।
(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ।੪।੩ ।

ਭਾਵ:- ਦੁਨੀਆ ਦੇ ਬੰਦੇ ਲੋਕ-ਲਾਜ ਪਿੱਛੇ ਮਰਦੇ ਮਰਦੇ ਭਗਤ ਜਨਾਂ ਨੂੰ ਕੁਤਰਕਾਂ ਕਰਦੇ ਹਨ, ਕਿਉਂਕਿ ਬੰਦਗੀ ਵਾਲੇ ਮਨੁੱਖ ਲੋਕ-ਲਾਜ ਛੱਡ ਕੇ ਸਭ ਜੀਆਂ ਨਾਲ ਇਕੋ ਜਿਹਾ ਵਰਤਾਉ ਰੱਖਦੇ ਹਨ ।
ਪਰ ਦੁਨੀਆ ਦੇ ਇਹ ਆਦਰ ਜਾਂ ਨਿਰਾਦਰੀ ਪ੍ਰਭੂ ਦੀ ਹਜ਼ੂਰੀ ਵਿਚ ਕਿਸੇ ਲੇਖੇ ਨਹੀਂ ਹਨ ।
ਉੱਥੇ ਤਾਂ ਬੰਦਗੀ ਕਬੂਲ ਹੈ ।੩ ।
Follow us on Twitter Facebook Tumblr Reddit Instagram Youtube