ਪਉੜੀ ॥
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ

Sahib Singh
ਸਚੁ = ਪ੍ਰਭੂ ਦਾ ਸਦਾ = ਥਿਰ ਨਾਮ ।
ਜੋੜੇ = ਪੁਸ਼ਾਕੇ ।
ਏ = ਇਹ ਪ੍ਰੀਤ ।
ਹਸਤੀ = ਹਾਥੀ ।
ਮਿਲਖ = ਜ਼ਮੀਨਾਂ ।
ਘਣੀ = ਬੜੀਆਂ ।
ਢਾਢੀ = ਪ੍ਰਭੂ ਦੀ ਸਿਫ਼ਤਿ = ਸਾਲਾਹ ਕਰਨ ਵਾਲਾ ।
ਦਰਿ ਪ੍ਰਭ = ਪ੍ਰਭੂ ਦੇ ਦਰ ਤੇ ।
    
Sahib Singh
(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ ।
ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ ।
ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ, ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ ।
ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ।੨੧।੧ ।
ਸੁਧੁ ਕੀਚੇ—ਸੁੱਧ ਕਰ ਲੈਣਾ ।

ਨੋਟ: ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ ।
ਉਂਞ ‘ਵਾਰ’ ਦੇ ਮੁੱਕਣ ਤੇ ਬਾਕੀ ਕਾਫ਼ੀ ਪੱਤ੍ਰਾ ਖ਼ਾਲੀ ਪਿਆ ਹੈ ।
ਇਸ ਦਾ ਭਾਵ ਇਹ ਹੈ ਕਿ ਇਹਨਾਂ ਲਫ਼ਜ਼ਾਂ ਦਾ ‘ਬਾਣੀ’ ਨਾਲ ਕੋਈ ਸੰਬੰਧ ਨਹੀਂ ਹੈ ।
ਲਫ਼ਜ਼ ‘ਸੁਧੁ ਕੀਚੇ’ ਸਿਰਫ਼ ਇਸ ‘ਵਾਰ’ ਨਾਲ ਹੈ ।
ਬਾਕੀ ‘ਵਾਰਾਂ’ ਨਾਲ ਲਫ਼ਜ਼ ‘ਸੁਧੁ’ ਹਾਸ਼ੀਏ ਤੋਂ ਬਾਹਰ ਵਰਤਿਆ ਹੈ ।
Follow us on Twitter Facebook Tumblr Reddit Instagram Youtube