ਪਉੜੀ ॥
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥

Sahib Singh
ਜਿਸੁ = ਜਿਸ (ਪ੍ਰਭੂ) ਪਾਸੋਂ ।
ਲੋੜੀਅਹਿ = ਮੰਗਦੇ ਹਨ ।
ਕਮਾਵਉ = ਮੈਂ ਕਮਾਵਾਂ, (ਭਾਵ,) ਸਿਮਰਨ ਕਰਾਂ ।
    {ਇਹ ਲਫ਼ਜ਼ ‘ਵਰਤਮਾਨ ਕਾਲ ਉੱਤਮ ਪੁਰਖ, ਇਕ-ਵਚਨ’ ਹੈ ।
    ਇਸ ਦਾ ਅਰਥ ‘ਕਮਾਓ’ ਕਰਨਾ ਗ਼ਲਤ ਹੈ, ਉਸ ਹਾਲਤ ਵਿਚ ਇਸ ਦਾ ਜੋੜ ਹੁੰਦਾ ‘ਕਮਾਵਹੁ’ ਜੋ ਵਿਆਕਰਨ ਅਨੁਸਾਰ ‘ਹੁਕਮੀ ਭਵਿੱਖਤ, ਮਧਮ ਪੁਰਖ, ਬਹੁ-ਵਚਨ’ ਹੈ} ।
ਦੇਖਉ = ਮੈਂ ਦੇਖਾਂ ।
ਧਿਆਵਉ = ਮੈਂ ਧਿਆਵਾਂ ।ਸਮਾਵਉ—ਮੈਂ ਸਮਾ ਜਾਵਾਂ ।
ਦੇਈ = ਮੈਂ ਦੇਵਾਂ ।
ਜਾਵਉ = ਮੈਂ ਜਾਵਾਂ ।
ਸੁਣਾਵਉ = ਮੈਂ (ਹੋਰਨਾਂ ਨੂੰ ਭੀ) ਸੁਣਾਵਾਂ ।
    
Sahib Singh
ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ, ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ ।
ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ ।
ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤ੍ਰਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ) ।
ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ।੧੭ ।
Follow us on Twitter Facebook Tumblr Reddit Instagram Youtube