ਪਉੜੀ ॥
ਜੰਮਣੁ ਮਰਣੁ ਨ ਤਿਨ੍ਹ ਕਉ ਜੋ ਹਰਿ ਲੜਿ ਲਾਗੇ ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥

Sahib Singh
ਲੜਿ ਲਾਗੇ = ਆਸਰਾ ਲਿਆ ।
ਜੀਵਤ = ਜੀਊਂਦੇ ਹੀ, ਇਸੇ ਜ਼ਿੰਦਗੀ ਵਿਚ ।
ਕੀਰਤਨਿ = ਕੀਰਤਨ ਨਾਲ, ਸਿਫ਼ਤਿ-ਸਾਲਾਹ ਕਰ ਕੇ ।
ਜਾਗੇ = ਸੁਚੇਤ ਰਹੇ, ਵਿਕਾਰਾਂ ਵਲੋਂ ਬਚੇ ਰਹੇ ।
ਨਾਇ = {ਅਧਿਕਰਣ ਕਾਰਕ, ਇਕ-ਵਚਨ} ।
ਨਾਇ ਵਿਸਰਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਵਿਸਰ ਜਾਏ ।ਪੁਨੀਤ—ਪਵਿੱਤ੍ਰ ।
ਕੋਟਿ = ਕ੍ਰੋੜ ।
ਪਿਰਾਗ = ਪ੍ਰਯਾਗ ।
    
Sahib Singh
ਜੋ ਮਨੁੱਖ ਪਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ; ਉਹ ਇਸੇ ਜੀਵਨ ਵਿਚ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ ।
ਓਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਅਜਿਹੇ) ਗੁਰਮੁਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਜੀਊਣਾ ਫਿਟਕਾਰ-ਜੋਗ ਹੈ ਟੁੱਟੇ ਹੋਏ ਕੱਚੇ ਧਾਗੇ ਵਾਂਗ (ਵਿਅਰਥ) ਹੈ ।
ਹੇ ਨਾਨਕ! ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕ੍ਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ ।੧੬ ।
Follow us on Twitter Facebook Tumblr Reddit Instagram Youtube