ਮਃ ੫ ॥
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥

Sahib Singh
ਜੀਵਨ ਪਦੁ = ਅਸਲੀ ਜ਼ਿੰਦਗੀ ਦਾ ਦਰਜਾ ।
ਨਿਰਬਾਣੁ = (ਨਿਰਵਾਣ) ਵਾਸ਼ਨਾ-ਰਹਿਤ ਪ੍ਰਭੂ ।
ਜਾਇ = ਥਾਂ ।
ਕਿਨਿ ਬਿਧਿ = ਕਿਸ ਤ੍ਰਹਾਂ ।
ਧੀਰੀਐ = ਧੀਰਜ ਆਵੇ, ਮਨ ਟਿਕੇ ।
ਛਾਰੁ = ਸੁਆਹ ।
ਬਾਦਿ = ਵਿਅਰਥ ।
ਰਸ = ਚਸਕੇ ।
ਕਰਹਿ = ਤੂੰ ਕਰਦਾ ਹੈਂ ।
ਕਲ = ਸ਼ਾਂਤੀ ਦੀ ਸਾਰ ।
ਰੰਗਿ = ਪਿਆਰ ਵਿਚ ।
ਗਾਵਹੀ = ਗਾਉਂਦੇ ਹਨ ।
ਦੁਆਰਿ = ਦਰ ਤੇ ।
ਭਾਵਹੀ = ਚੰਗੇ ਲੱਗਣ ।
    
Sahib Singh
ਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ, (ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ ।
ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ।
(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ ।
ਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ ?
(ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ) ?
(ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ ।
ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ ।
ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ—ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ।੨ ।
Follow us on Twitter Facebook Tumblr Reddit Instagram Youtube