ਸਲੋਕ ਮਃ ੫ ॥
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥
ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥

Sahib Singh
ਪਾਰਬ੍ਰਹਮਿ = ਪਰਮਾਤਮਾ ਨੇ ।
ਮੀਹੁ = ਨਾਮ ਦੀ ਵਰਖਾ ।
ਵੁਠਾ = ਵੱਸਿਆ, (ਮੀਂਹ) ਪਿਆ ।
ਸਹਜਿ ਸੁਭਾਇ = ਆਪਣੇ ਆਪ ।
ਪਿ੍ਰਥਮੀ = ਹਿਰਦਾ = ਰੂਪ ਧਰਤੀ ।
ਅੰਨੁ = ਧੰਨੁ—(ਜਿਵੇਂ ਸਰੀਰ ਦਾ ਆਸਰਾ ਅੰਨ ਹੈ, ਤਿਵੇਂ ਹਿਰਦੇ ਦੇ ਆਸਰੇ ਲਈ) ਸਿਫ਼ਤਿ-ਸਾਲਾਹ ਰੂਪ ਅੰਨ ।
ਤਿਪਤਿ ਆਘਾਇ ਰਜੀ = ਚੰਗੀ ਤ੍ਰਹਾਂ ਰੱਜ ਗਈ ।
ਦਾਲਦੁ = ਦਲਿੱਦ੍ਰ ।
ਬਿਲਾਇ ਗਇਆ = ਦੂਰ ਹੋ ਜਾਂਦਾ ਹੈ ।
ਪੂਰਬਿ = ਮੁੱਢ ਤੋਂ ।
ਤਿਸੈ ਰਜਾਏ = ਉਸ (ਪ੍ਰਭੂ) ਦੀ ਰਜ਼ਾ ਅਨੁਸਾਰ ।
    
Sahib Singh
ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇਆਪ ਨਾਮ ਦੀ ਵਰਖਾ ਹੋਣ ਲੱਗ ਪਈ, ਉਸ (ਹਿਰਦੇ-ਧਰਤੀ) ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਅੰਨ ਬਹੁਤ ਪੈਦਾ ਹੋ ਜਾਂਦਾ ਹੈ, (ਉਸ ਦਾ ਹਿਰਦਾ ਚੰਗੀ ਤ੍ਰਹਾਂ ਸੰਤੋਖ ਵਾਲਾ ਹੋ ਜਾਂਦਾ ਹੈ), ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਹੋ ਜਾਂਦਾ ਹੈ, ਪਰ ਇਹ ‘ਨਾਮ’ ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ ।
(ਮਾਇਆ ਵਿਚ ਮੋਏ ਹੋਏ ਜਿਸ ਕਿਸੇ ਨੂੰ) ਜਿੰਦ ਪਾਈ ਹੈ ਪਰਮੇਸ਼ਰ ਨੇ ਹੀ (ਪਾਈ ਹੈ), ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ ।੧ ।
Follow us on Twitter Facebook Tumblr Reddit Instagram Youtube