ਪਉੜੀ ॥
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

Sahib Singh
ਓਥੈ = ਉਸ (‘ਸਚ ਧਰਮ ਕੇ ਘਰ’ ਵਿਚ) ਉਸ ਸਤਸੰਗ ਵਿਚ {ਨੋਟ:- ਇਸ ‘ਅਸਥਾਨ’ ਦਾ ਜ਼ਿਕਰ ਪਿਛਲੀ ਪਉੜੀ ਦੀ ਤੀਜੀ ਤੁਕ ਵਿਚ ਆ ਚੁਕਾ ਹੈ ।
    ਪੜਨਾਂਵ ‘ਓਥੇ’ ਸਾਫ਼ ਦੱਸਦਾ ਹੈ ਕਿ ਜਿਸ ਥਾਂ ਵਲ ਇਥੇ ਇਸ਼ਾਰਾ ਹੈ, ਉਸ ਦਾ ਜ਼ਿਕਰ ਪਿਛਲੀ ਪਉੜੀ ਵਿਚ ਚਾਹੀਦਾ ਹੈ} ।
ਜਮ ਕੈ ਪੰਥਿ = ਜਮ ਦੇ ਰਾਹ ਤੇ ।
ਜਰਣੇ = ਜਰਨ ਦੀ ਤਾਕਤ, ਜਿਗਰਾ ।
ਅਮਿਉ = ਅੰਮਿ੍ਰਤ ।
ਝਰਣੇ = ਫੁਹਾਰੇ ।
ਪੇਖਿ = ਵੇਖ ਕੇ ।
ਧਰਣੇ = ਧਾਰਨ ਕੀਤਾ ਹੈ ।
ਸੁਖੀਆ = ਸੁਖੀ ਕਰਨ ਵਾਲਾ ।
    
Sahib Singh
ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮਿ੍ਰਤ ਉਸ ਸਤਸੰਗ ਵਿਚ ਵੰਡੀਦਾ ਹੈ ।
(ਜੋ ਮਨੁੱਖ ਉਹ ਅੰਮਿ੍ਰਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰਵਿਆਪਦਾ) ਨਹੀਂ ।
ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ ।
(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮਿ੍ਰਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ ।
ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ।੯ ।
Follow us on Twitter Facebook Tumblr Reddit Instagram Youtube