ਪਉੜੀ ॥
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

Sahib Singh
ਸੋਧਿ = ਸੋਧੇ, ਸੋਧੇ ਹਨ, ਚੰਗੀ ਤ੍ਰਹਾਂ ਵੇਖੇ ਹਨ ।
ਕੀਮ = ਕੀਮਤ, ਮੁੱਲ ।
ਰੰਗੁ = ਆਨੰਦ ।
ਖਾਣੀ = ਖਾਣ, ਭੰਡਾਰ ।
ਮਸਤਕਿ = ਮੱਥੇ ਤੇ ।
ਸਿਮਰਿ = ਸਿਮਰੇ, ਸਿਮਰਦਾ ਹੈ ।
ਪਰਾਣੀ = ਜੀਵ ।
ਤੋਸਾ = ਰਾਹ ਦਾ ਖ਼ਰਚ ।
ਦਿਚੈ = ਦੇਹ, ਦਿੱਤਾ ਜਾਏ ।
ਮਿਹਮਾਣੀ = ਖ਼ਾਤਰਦਾਰੀ ।
    
Sahib Singh
ਸਿਮਿ੍ਰਤੀਆਂ ਸ਼ਾਸਤ੍ਰ ਸਾਰੇ ਚੰਗੀ ਤ੍ਰਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ) ।
(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ ।
ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ—ਏਹੀ ਰਤਨਾਂ ਦੀ ਖਾਣ ਹੈ (‘ਨਾਮ’ ਸਿਮਰਨ ਵਿਚ ਹੀ ਸਾਰੇ ਗੁਣ ਹਨ), ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ ।
(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ।੪ ।
Follow us on Twitter Facebook Tumblr Reddit Instagram Youtube