ਪਉੜੀ ॥
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

Sahib Singh
ਨਿਧਾਨੁ = ਖ਼ਜ਼ਾਨਾ ।
ਮਿਲਿ = ਮਿਲ ਕੇ ।
ਜਿਸੁ = ਜਿਸ ਨੂੰ ।
ਤਿਖਾ = ਤ੍ਰੇਹ, ਮਾਇਆ ਦੀ ਤੇਹ ।
ਕਾਈ = ਕੋਈ ।
ਪੁੰਨਿਆ = ਪੂਰੇ ਹੋ ਜਾਂਦੇ ਹਨ ।
ਅਮਰਾ ਪਦੁ = ਅਟੱਲ ਦਰਜਾ, ਉਹ ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ ।
ਜੇਵਡੁ = ਜੇਡਾ, ਬਰਾਬਰ ਦਾ ।
    
Sahib Singh
ਹੇ ਭਾਈ! ਪਰਮਾਤਮਾ ਦਾ ਨਾਮ ਅੰਮਿ੍ਰਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮਿ੍ਰਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ ।
ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ ।
(ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ ।
(ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ ।
ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ ।
ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ ।੩ ।
Follow us on Twitter Facebook Tumblr Reddit Instagram Youtube