ਮਃ ੫ ॥
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥

Sahib Singh
ਪਰਾਹੁਣਾ = ਸੰਤ ਪਰਾਹੁਣਾ ।
ਮੇਰੈ ਘਰਿ = ਮੇਰੇ ਘਰ ਵਿਚ ।
ਆਵਉ = ਆਵੇ ।
ਪਖਾਲਾ = ਮੈਂ ਧੋਵਾਂ ।
ਤਿਸ ਕੇ = ਉਸ ਸੰਤ = ਪਰਾਹੁਣੇ ਦੇ ।
ਮਨਿ = ਮਨ ਵਿਚ ।
ਭਾਵਉ = ਭਾਵੇ, ਚੰਗਾ ਲੱਗੇ ।
ਸੰਗ੍ਰਹੈ = ਇਕੱਠਾ ਕਰੇ ।
ਨਾਮੇ = ਨਾਮ ਵਿਚ ਹੀ ।
ਲਾਵਉ = ਲਾਵੇ ।
ਗਾਵਉ = ਮੈਂ ਗਾਵਾਂ ।
ਪਾਵਉ = ਮੈਂ ਪਾਵਾਂ ।
    
Sahib Singh
ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ, ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ ।
ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ ।
(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ ।
(ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ।੨ ।
Follow us on Twitter Facebook Tumblr Reddit Instagram Youtube