ਪਉੜੀ ਮਃ ੫ ॥
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥

Sahib Singh
ਪਾਹਾਰੈ = ਸੰਸਾਰ ਵਿਚ, ਪਸਾਰੇ ਵਿਚ ।
ਮੁਗਧ = ਮੂਰਖ ।
ਤਿਨਿ ਪਾਰਬ੍ਰਹਮਿ = ਉਸ ਪਾਰਬ੍ਰਹਮ ਨੇ ।
ਨਿਆਇ = ਨਿਆਂ ਅਨੁਸਾਰ ।
    
Sahib Singh
ਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ, (ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ ।
(ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ ।
ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ, (ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ ।
ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ ?
ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ ।
ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ ।
ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ ।
ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ ।
(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ।੩੧ ।
Follow us on Twitter Facebook Tumblr Reddit Instagram Youtube