ਸਲੋਕ ਮਃ ੪ ॥
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥
ਅੰਦਰਿ ਬਹੈ ਤਪਾ ਪਾਪ ਕਮਾਏ ॥
ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥
ਸੋ ਬੂਝੈ ਜੁ ਦਯਿ ਸਵਾਰਿਆ ॥੧॥

Sahib Singh
ਜਜਮਾਲਿਆ = ਕੋਹੜੀ ।
ਅਗੋਦੇ = ਪਹਿਲਾਂ ।
ਸਤੈ ਦੀ = ਆਦਰ ਦੀ ।
ਆਣਿ = ਲਿਆ ਕੇ ।
ਲੋਭਿ = ਲੋਭ ਵਿਚ ।
ਏਤੁ ਦੋਖੈ = ਇਸ ਐਬ ਦੇ ਕਾਰਨ ।
ਦਯਿ = ਖਸਮ ਨੇ ।
ਕੰਕਰ = ਕਿੰਕਰ, ਦਾਸ, ਦੂਤ ।
ਖੜਿ = ਲੈ ਜਾ ਕੇ ।
    
Sahib Singh
ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ ।
ਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ ।
(ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ ।
ਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ ।
ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ ।
ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ ।
ਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ ।
ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ, ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ ।
ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ), ਫੇਰ (ਓੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ) ।
ਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ, ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ ।੧ ।
Follow us on Twitter Facebook Tumblr Reddit Instagram Youtube