ਪਉੜੀ ੫ ॥
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥

Sahib Singh
ਪਦਅਰਥ = ਤੁਸਿ—ਤੁੱਠ ਕੇ ।
ਬੁਟੁ = ਬੋਟ ਵਾਂਗ ਨਿਆਸਰੇ ।
    
Sahib Singh
(ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ ਪਰਸੰਨ ਹੋ ਕੇ ਦਿੱਤਾ ਹੈ, ਉਹਨਾਂ ਦੇ ਸਾਰੇ ਫ਼ਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ (ਅਤੇ ਉਹਨਾਂ ਦੇ) ਕਾਮ ਕਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿਚ ਮੁੱਕ ਜਾਂਦੇ ਹਨ; ਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੋਟ ਹੋ ਕੇ (ਭਾਵ, ਨਿਆਸਰੇ ਹੋ ਕੇ) ਮਰਦੇ ਹਨ ।
ਹੇ ਨਾਨਕ! ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਹੈ ਉਹ ਨਿਰੋਲ ਨਾਮ ਵਿਚ ਜੁਟਿਆ ਹੋਇਆ ਹੈ ।੨੯ ।
Follow us on Twitter Facebook Tumblr Reddit Instagram Youtube