ਪਉੜੀ ੫ ॥
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥
ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥

Sahib Singh
ਨਾਰਾਇਣਿ = ਨਾਰਾਇਣ ਤੋਂ ।
ਨਾਠੂੰਗੜਾ = ਠੇਡਾ, ਨੱਠਣ ਲਈ ਧੱਕਾ ।
ਅਮਿਤਿਆ = ਬੇਅੰਤ ।
ਵਿਸੋ = ਵਿਹੁ ਹੀ ।
ਭਖੈ = ਸਕਦਾ ਹੈ ।
ਅਲਖੈ = ਅਲੱਖ, ਅਦਿ੍ਰਸ਼ਟ ।
    
Sahib Singh
ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ ।
ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ) ।
ਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ ।
ਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ ।
ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ ।੨੮ ।
Follow us on Twitter Facebook Tumblr Reddit Instagram Youtube