ਪਉੜੀ ॥
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

Sahib Singh
ਚਿਤ = ਚਿੱਤ ਨੂੰ ।
ਉਦਾਸਿ = ਉਦਾਸੀ ।
ਝਤਿ ਕਢਦੇ = ਸਮਾ ਲੰਘਾਂਦੇ ਹਨ ।
ਗਡਈ = ਰਲਦਾ ।
ਨਿਰਜਾਸਿ = ਨਿਖੇੜਾ ਕਰ ਕੇ ।
ਅਰਥ = ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ ।
    ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ ।
    (ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ ।
    ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ) ।
    ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ।੨੬ ।
    ਸਲੋਕ ਮਃ ੫ ॥ ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥{ਪੰਨਾ ੩੧੫}
Sahib Singh
(ਜਨਮ ਜਨਮਾਂਤਰਾਂ ਤੋ ਪਾਪ ਕਰ ਕੇ ਨਿੰਦਕ ਮਨੁੱਖ ਬਹੁਤਾ ਕੁਝ ਤਾਂ ਅੱਗੇ ਹੀ ਨਾਮ ਵਲੋਂ ਮਰ ਚੁਕਦੇ ਹਨ) ਬਾਕੀ ਜੋ ਥੋੜੇ ਬਹੁਤ (ਭਲੇ ਸੰਸਕਾਰ ਰਹਿ ਜਾਂਦੇ ਹਨ) ਉਹਨਾਂ ਨੂੰ ਪ੍ਰਭੂ ਨੇ ਆਪ ਉੱਦਮ ਕਰ ਕੇ (ਭਾਵ, ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ ਦਿੱਤਾ) ਤੇ, ਹੇ ਨਾਨਕ! ਸੰਤ ਜਨਾਂ ਦਾ ਰਾਖਾ ਹਰੀ ਸਭ ਥਾਈਂ ਪਰਗਟ ਖੇਲ ਕਰ ਰਿਹਾ ਹੈ ।੧ ।
Follow us on Twitter Facebook Tumblr Reddit Instagram Youtube