ਪਉੜੀ ॥
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥

Sahib Singh
ਹਾਜਰੁ = ਪ੍ਰਤੱਖ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
    
Sahib Singh
ਜਿਸ ਪ੍ਰਭੂ ਨੇ ਦਿਨ ਤੇ ਰਾਤ (ਵਰਗੇ ਕੌਤਕ) ਬਣਾਏ ਹਨ, ਉਹ ਸੱਚਾ ਪ੍ਰਭੂ (ਇਸ) ਕੁਦਰਤਿ ਤੋਂ ਹੀ ਸਚ-ਮੁਚ (ਵੱਡੀਆਂ ਵਡਿਆਈਆਂ ਵਾਲਾ) ਮਲੂਮ ਹੁੰਦਾ ਹੈ; (ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ ।
ਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ, ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ (ਭਾਵ, ਆਪਾ ਗਵਾ ਕੇ) ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ।੨੩ ।
Follow us on Twitter Facebook Tumblr Reddit Instagram Youtube