ਸਲੋਕੁ ਮਃ ੪ ॥
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥

Sahib Singh
ਵਾਹੁ ਵਾਹੁ = ਸਿਫ਼ਤਿ = ਸਾਲਾਹ ।
ਉਠਿ = ਉੱਠ ਕੇ, ਸੁਚੇਤ ਹੋ ਕੇ ।
    
Sahib Singh
ਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ—ਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ ।
ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ) ।
(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ) ।
(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ ।
(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ ।
ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ।੧ ।
Follow us on Twitter Facebook Tumblr Reddit Instagram Youtube