ਮਃ ੪ ॥
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥
ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥
ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥

Sahib Singh
ਅਗੰਮੁ = ਪਹੁੰਚ ਤੋਂ ਪਰੇ ।
ਖੜਗੁ = ਤਲਵਾਰ ।
ਸੰਜੋਉ = ਜ਼ਿਰਹ = ਬਕਤਰ, ਜੰਗ ਵਿਚ ਸਰੀਰ ਦੀ ਰਾਖੀ ਵਾਸਤੇ ਪਾਈ ਹੋਈ ਲੋਹੇ ਦੀ ਪੁਸ਼ਾਕ ।
    
Sahib Singh
ਸਤਿਗੁਰੂ ਅਗੰਮ ਪੁਰਖ ਹੈ ਜਿਸ ਨੇ ਹਿਰਦੇ ਵਿਚ ਪ੍ਰਭੂ ਨੂੰ ਪਰੋਤਾ ਹੋਇਆ ਹੈ ।
ਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਸਿਰਜਨਹਾਰ ਉਸ ਦੇ ਵੱਲ ਹੈ ।
ਸਤਿਗੁਰੂ ਦੀ ਖੜਗ ਤੇ ਸੰਜੋਅ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸ ਨੇ ਕਾਲ (-ਰੂਪ) ਕੰਡੇ ਨੂੰ (ਭਾਵ, ਮੌਤ ਦੇ ਡਰ ਨੂੰ) ਮਾਰ ਕੇ ਪਰੇ ਸੁੱਟਿਆ ਹੈ ।
ਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ ।
ਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਸ ਨੂੰ ਆਪ ਕਰਤਾਰ ਮਾਰਦਾ ਹੈ ।
ਸੱਚੇ ਹਰੀ ਦੀ ਦਰਗਾਹ ਵਿਚ ਇਹ ਨਿਆਂ ਹੁੰਦਾ ਹੈ, ਤੇ ਹੇ ਨਾਨਕ! ਅਗੰਮ ਹਰੀ ਦਾ ਸਿਮਰਨ ਕੀਤਿਆਂ (ਇਹ ਸਮਝ ਪੈਂਦੀ ਹੈ) ।੨ ।
Follow us on Twitter Facebook Tumblr Reddit Instagram Youtube