ਪਉੜੀ ॥
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥

Sahib Singh
ਅੰਦਰੁ = ਹਿਰਦਾ ।
ਇਕਿ ਮਨਿ = ਇਕ ਮਨ ਨਾਲ, ਮਨ ਲਾ ਕੇ ।
ਕੰਧੁ = ਸਰੀਰ ।
ਮਨਿ ਲਿਜੈ = ਮੰਨ ਲਏ ਜਾਂਦੇ ਹਨ, ਆਦਰ ਪਾਂਦੇ ਹਨ ।
ਸਚਿਆਰੀਆ = ਸਚਿਆਰਿਆਂ, ਸੱਚ ਦੇ ਵਪਾਰੀਆਂ ਦਾ ।
    
Sahib Singh
ਸੱਚੇ ਪ੍ਰਭੂ ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ ਸਦਾ-ਥਿਰ ਰਹਿਣ ਵਾਲੀ ਹੈ; (ਇਹ ਸਿਫ਼ਤਿ-ਸਾਲਾਹ) ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ (ਭੀ) (ਸਿਫ਼ਤਿ ਵਿਚ) ਭਿੱਜਾ ਹੋਇਆ ਹੋਵੇ ।
ਜੋ ਮਨੁੱਖ ਏਕਾਗਰ-ਚਿੱਤ ਹੋ ਕੇ ਇਕ ਹਰੀ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਸਰੀਰ ਕਦੀ ਛਿੱਜਦਾ ਨਹੀਂ (ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ) ।
ਉਹ ਮਨੁੱਖ ਧੰਨ ਹਨ, ਸ਼ਾਬਾਸ਼ੇ ਉਹਨਾਂ ਨੂੰ ਜੋ ਜੀਭ ਨਾਲ ਸੱਚਾ ਨਾਮ ਅੰਮਿ੍ਰਤ ਪੀਂਦੇ ਹਨ ।
ਜਿਨ੍ਹਾਂ ਦੇ ਮਨ ਵਿਚ ਸੱਚਾ ਹਰੀ ਸਚਮੁਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿਚ ਸਤਕਾਰੇ ਜਾਂਦੇ ਹਨ ।
ਸੱਚ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲਾ ਹੈ (ਕਿਉਂਕਿ ਦਰਗਾਹ ਵਿਚ) ਉਹ ਸੁਰਖ਼ੁਰੂ ਕੀਤੇ ਜਾਂਦੇ ਹਨ ।੨ ।
Follow us on Twitter Facebook Tumblr Reddit Instagram Youtube