ਮਃ ੪ ॥
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥
ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥

Sahib Singh
    
Sahib Singh
ਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ (ਕਿਉਂਕਿ ਓਥੇ) ਪਿਆਰੇ (ਗੁਰਸਿੱਖ, ਸੰਤ ਜਨ) ਸਤਿਗੁਰੂ ਦੇ ਨਾਲ ਮਿਲਦੇ ਹਨ ।
ਉਹ ਮਨੁੱਖ ਮੁਬਾਰਿਕ ਹਨ (ਕਿਉਂਕਿ) ਪਰਉਪਕਾਰ ਲਈ ਉਹ (ਹੋਰਨਾਂ ਨੂੰ ਭੀ) ਉਪਦੇਸ਼ ਕਰਦੇ ਹਨ, ਪ੍ਰਭੂ ਦੇ ਨਾਮ ਵਿਚ ਸਿਦਕ ਬੰਨ੍ਹਾਉਂਦੇ ਹਨ, ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਸੰਸਾਰ ਨੂੰ ਤਾਰਦੇ ਹਨ, (ਇਹ ਸਾਰੀ ਬਰਕਤਿ ਇਸ ਲਈ ਹੈ ਕਿ ਉਹ ਵਡਭਾਗੀ ਸਤਸੰਗਤਿ ਵਿਚ ਜਾ ਕੇ ਸਤਿਗੁਰੂ ਵਿਚ ਜੁੜਦੇ ਹਨ) ।
(ਇਹ ਬਰਕਤਾਂ ਸੁਣ ਕੇ) ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿਚ ਨਵਾਂ ਖੰਡਾਂ (ਦੇ ਜੀਵ) ਸਤਿਗੁਰੂ ਦੇ ਅੱਗੇ ਸਿਰ ਨਿਵਾਂਦੇ ਹਨ ।
ਸਤਿਗੁਰੂ ਨੂੰ ਪੈਦਾ ਕਰਨ ਵਾਲੇ ਹੇ ਪ੍ਰਭੂ! ਤੂੰ ਆਪਣਾ ਆਪ ਸਤਿਗੁਰੂ ਵਿਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਿਗੁਰੂ ਨੂੰ ਸੁੰਦਰ ਬਣਾਇਆ ਹੈ ।
ਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦੇਂਦਾ ਹੈਂ ਤੇ ਆਪ ਹੀ (ਹੋਰਨਾਂ ਪਾਸੋਂ ਗੁਰੂ ਦੀ) ਵਡਿਆਈ ਕਰਾਉਂਦਾ ਹੈਂ ।
ਜੋ ਮਨੁੱਖ ਸਤਿਗੁਰੂ ਕੋਲੋਂ ਵਿੱਛੜ ਜਾਏ, ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ, (ਭਾਵ, ਉਹ ਜਗਤ ਵਿਚ ਇਕ ਤਾਂ ਮੁਕਾਲਖ ਖੱਟਦਾ ਹੈ, ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ) ।
ਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ—ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ ।
ਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿਚ ਨਾਮ ਨੂੰ ਸੰਭਾਲਦੇ ਹਨ ।
(ਇਸ ਲਈ ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ) ਪਾਰ ਉਤਾਰਦਾ ਹੈ ।੨ ।
Follow us on Twitter Facebook Tumblr Reddit Instagram Youtube