ਮਃ ੪ ॥
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥

Sahib Singh
ਧੰਨ = ਮੁਬਾਰਿਕ, ਭਾਗਾਂ ਵਾਲਾ ।
ਜਨਨੀ = ਮਾਂ ।
ਮਾਇ = ਹੇ ਮਾਂ !
ਪਾਇ = ਪੈਰ ।੨ ।
    
Sahib Singh
ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ ।
ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ।
ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ ।
ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ ।
ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ।੨ ।
Follow us on Twitter Facebook Tumblr Reddit Instagram Youtube